ਬਟਾਲਾ, 2 ਅਗਸਤ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐੱਮ. ਪੀ. ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਊਦੈਵੀਰ ਸਿੰਘ ਰੰਧਾਵਾ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਬਟਾਲਾ ਪੁਲਸ ਨੇ ਮੁੱਖ ਦੋਸ਼ੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਸੁਹੈਲ ਕਾਸਿਮ ਮੀਰ ਨੇ ਦੱਸਿਆ ਕਿ ਬੀਤੇ ਿਦਨ ਐੱਮ . ਪੀ. ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਟਵੀਟ ਕਰ ਕੇ ਕਿਹਾ ਸੀ ਕਿ ਉਸਦੇ ਪੁੱਤਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ’ਤੇ ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦਿਆਂ ਜਾਂਚ ਆਰੰਭ ਦਿੱਤੀ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਤਕੀਨੀਕੀ ਪੱਖਾਂ ਦੀ ਜਾਂਚ ’ਤੇ ਇਹ ਗੱਲ ਸਾਹਮਣੇ ਆਈ ਕਿ ਇਹ ਧਮਕੀ ਗਗਨ ਰੰਧਾਵਾ ਨਾਮ ’ਤੇ ਬਣੀ ਇੰਸਟਾਗ੍ਰਾਮ ਆਈ. ਡੀ. ਤੋਂ ਪੋਸਟ ਕੀਤੀ ਗਈ ਸੀ, ਪ੍ਰੰਤੂ ਬਾਅਦ ਵਿਚ ਇਹ ਪੋਸਟ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤੀ ਗਈ। ਪੁਲਸ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਧਮਕੀ ਨਾਲ ਜੱਗੂ ਭਗਵਾਨਪੁਰੀਆ ਨਾਲ ਸਿੱਧਾ ਸੰਪਰਕ ਨਹੀਂ ਹੈ, ਬਲਕਿ ਇਹ ਧਮਕੀ ਭਰੀ ਟਿੱਪਣੀ ਗਗਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਪਿੰਡ ਘਣੀਏ ਕੇ ਬਾਂਗਰ ਹਾਲ ਵਾਸੀ ਗੁਲਮਰਗ ਐਵੇਨਿਊ ਅੰਮ੍ਰਿਤਸਰ ਵੱਲੋਂ ਮਜ਼ਾਕ ਵਿਚ ਕੀਤੀ ਗਈ ਸੀ ਅਤੇ ਇਸ ਨੂੰ ਪੁਲਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ ਪੁਲਸ ਡੂੰਘਾਈ ਨਾਲ ਫਿਰ ਵੀ ਜਾਂਚ ਪੜਤਾਲ ਕਰ ਰਹੀ ਹੈ ਅਤੇ ਇਸ ਸਬੰਧੀ ਮੁਕੱਦਮਾ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਕੋਟਲੀ ਸੂਰਤ ਮੱਲ੍ਹੀ ’ਚ ਦਰਜ ਕੀਤਾ ਗਿਆ।
ਐੱਸ. ਐੱਸ. ਪੀ. ਮੀਰ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਵਿਖੇ ਜੋ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ, ਉਹ ਪਰਮਿੰਦਰ ਸਿੰਘ ’ਤੇ ਨਹੀਂ ਬਲਕਿ ਸਿਮਰਨਜੀਤ ਸਿੰਘ ਦੀ ‘ਦਸਤੂਰ ਏ ਦਸਤਾਰ’ ਨਾਮ ਦੀ ਦੁਕਾਨ ’ਤੇ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਨੂੰ ਧਮਕੀ ਗੁਰਦੇਵ ਜੈਸਲ ਵਾਸੀ ਤਰਨਤਾਰਨ, ਜੋ ਕਿ ਇਸ ਵੇਲੇ ਅਮਰੀਕਾ ਵਿਚ ਰਹਿ ਰਿਹਾ ਹੈ, ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਗੁਰਦੇਵ ਜੈਸਲ ਤੇ ਜੱਗੂ ਭਗਵਾਨਪੁਰੀਆ ਦਾ ਆਪਸ ਵਿਚ ਕੋਈ ਸਬੰਧ ਸਾਹਮਣੇ ਨਹੀਂ ਆਇਆ, ਪਰ ਫਿਰ ਵੀ ਪੁਲਸ ਆਪਣੇ ਤੌਰ ’ਤੇ ਜਾਂਚ ਕਰ ਰਹੀ ਹੈ। ਇਸ ਸਬੰਧੀ ਮੁਕੱਦਮਾ ਅਸਲ ਐਕਟ ਹੇਠ ਫਤਿਹਗੜ੍ਹ ਚੂੜੀਆਂ ’ਚ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਟੀ. ਪੀ. ਸਿੰਘ ਗੋਰਾਇਆ ਡੀ. ਐੱਸ. ਪੀ. ਅਤੇ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ।
Read More : ਪੰਜਾਬ ਵਿਜੀਲੈਂਸ ਨੇ ਰਣਜੀਤ ਗਿੱਲ ਦੇ ਘਰ ਮਾਰਿਆ ਛਾਪਾ