ਸਬਰੀਮਾਲਾ ਸੋਨਾ ਚੋਰੀ ਮਾਮਲੇ ’ਚ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ
ਤਿਰੂਵਨੰਤਪੁਰਮ, 11 ਜਨਵਰੀ : ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨੇ ਐਤਵਾਰ ਨੂੰ ਕੇਰਲ ’ਚ ਸੱਤਾਧਾਰੀ ਖੱਬੇਪੱਖੀ ਲੋਕਤੰਤਰੀ ਮੋਰਚਾ (ਐੱਲ. ਡੀ. ਐੱਫ.) ਅਤੇ ਕਾਂਗਰਸ ’ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ’ਤੇ ‘ਫਿਕਸਿੰਗ’, ਆਪਸੀ ਸਮਝੌਤੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਕੇਰਲ ’ਚ ਯਕੀਨੀ ਤੌਰ ’ਤੇ ਭਾਜਪਾ ਦੀ ਸਰਕਾਰ ਬਣੇਗੀ।
ਸ਼ਾਹ ਨੇ ਇੱਥੇ ਸਥਾਨਕ ਇਕਾਈਆਂ ਦੇ ਨਵੇਂ ਚੁਣੇ ਗਏ ਪ੍ਰਤੀਨਿਧੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੋਵੇਂ ਦਹਾਕਿਆਂ ਤੋਂ ਸਿਆਸੀ ਡਰਾਮਾ ਕਰ ਰਹੇ ਹਨ ਅਤੇ ਜਦੋਂ ਵੀ ਚੋਣਾਂ ਦੇ ਗਣਿਤ ਦੀ ਲੋੜ ਪਈ, ਦੋਵੇਂ ਇਕ-ਦੂਜੇ ਦੇ ਬਚਾਅ ਵਿਚ ਖੜ੍ਹੇ ਹੋ ਗਏ।
ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਪੰਜ ਦਹਾਕਿਆਂ ਤੋਂ ਇਹ ਰੁਝਾਨ ਬਣਿਆ ਹੋਇਆ ਹੈ ਕਿ ਜਦੋਂ ਕਾਂਗਰਸ ਬਹੁਮਤ ਹਾਸਲ ਨਹੀਂ ਕਰ ਸਕਦੀ, ਤਾਂ ਖੱਬੇਪੱਖੀ ਉਸ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ ਤ੍ਰਿਪੁਰਾ ਵਿਚ ਖੱਬੇਪੱਖੀਆਂ ਨੂੰ ਸਿਆਸੀ ਸਮਰਥਨ ਦੀ ਲੋੜ ਪਈ, ਤਾਂ ਕਾਂਗਰਸ ਨੇ ਉਨ੍ਹਾਂ ਦਾ ਸਾਥ ਦਿੱਤਾ।
ਅਮਿਤ ਸ਼ਾਹ ਨੇ ਸਬਰੀਮਾਲਾ ਮੰਦਰ ਵਿਚ ਸੋਨੇ ਦੀ ਚੋਰੀ ਨੂੰ ਲੈ ਕੇ ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਆਲੋਚਨਾ ਕੀਤੀ ਅਤੇ ਇਕ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਸ਼ਾਹ ਨੇ ਕਿਹਾ ਕਿ ਜੋ ਲੋਕ ਸਬਰੀਮਾਲਾ ਦੀਆਂ ਜਾਇਦਾਦਾਂ ਦੀ ਰੱਖਿਆ ਕਰਨ ਵਿਚ ਅਸਫਲ ਰਹੇ, ਉਹ ਲੋਕਾਂ ਦੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਕੇਰਲ ’ਚ ਸ਼ਰਧਾਲੂਆਂ ਦੀ ਆਸਥਾ ਦੀ ਰੱਖਿਆ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਬਰੀਮਾਲਾ ’ਚ ਸੋਨੇ ਦੀ ਚੋਰੀ ਸਿਰਫ਼ ਕੇਰਲ ਦੇ ਲੋਕਾਂ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਸ਼ਰਧਾਲੂਆਂ ਲਈ ਚਿੰਤਾ ਦਾ ਵਿਸ਼ਾ ਹੈ।
Read More : ਵਿਜੀਲੈਂਸ ਬਿਊਰੋ ਨੇ ਸਾਲ 2025 ਦੌਰਾਨ 187 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫਤਾਰ
