Sukhbir Badal

ਕੋਰ ਕਮੇਟੀ ਦੀ ਬੈਠਕ ਛੱਡ ਕੇ ਗ੍ਰਿਫਤਾਰੀ ਦੇਣ ਡੀ.ਜੀ.ਪੀ. ਦਫ਼ਤਰ ਪਹੁੰਚੇ ਸੁਖਬੀਰ ਬਾਦਲ

ਯੂਥ ਅਕਾਲੀ ਵਰਕਰਾਂ ਨੇ ‘ਆਪ’ ਸਰਕਾਰ ਖਿਲਾਫ ਕੀਤਾ ਮੁਜ਼ਾਹਰਾ

ਚੰਡੀਗੜ੍ਹ, 5 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਰ ਕਮੇਟੀ ਦੀ ਬੈਠਕ ਵਿਚਾਲੇ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਗ੍ਰਿਫਤਾਰੀ ਦੇਣ ਪੰਜਾਬ ਦੇ ਡੀ. ਜੀ. ਪੀ. ਦਫ਼ਤਰ ਹੀ ਪਹੁੰਚ ਗਏ। ਉਨ੍ਹਾਂ ਪੂਰੀ ਕੋਰ ਕਮੇਟੀ ਦੇ ਨਾਲ ਡੀ. ਜੀ. ਪੀ. ਹੈੱਡਕੁਆਰਟਰ ’ਤੇ ਧਰਨਾ ਵੀ ਦਿੱਤਾ ਅਤੇ ਕਿਹਾ ਕਿ ਸਰੂਪ ਮਾਮਲੇ ’ਚ ਅਕਾਲੀ ਵਰਕਰਾਂ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹੁਣ ਉਹ ਖੁਦ ਹੈੱਡਕੁਆਰਟਰ ਪਹੁੰਚ ਗਏ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਬਾਦਲ ਨੇ ਕਿਹਾ ਕਿ ਜਦੋਂ ਤੱਕ ਪੁਲਸ ਮਾਮਲਾ ਦਰਜ ਨਹੀਂ ਕਰਦੀ, ਪੂਰੀ ਕਮੇਟੀ ਇੱਥੇ ਹੀ ਧਰਨੇ ’ਤੇ ਬੈਠੀ ਰਹੇਗੀ। ਇੰਨਾ ਹੀ ਨਹੀਂ, ਅਕਾਲੀ ਦਲ ਦੇ ਯੂਥ ਵਰਕਰਾਂ ਨੇ ਵੱਡੀ ਗਿਣਤੀ ’ਚ ਡੀ. ਜੀ. ਪੀ. ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਸੁਖਬੀਰ ਬਾਦਲ ਨੇ ਡੀ. ਜੀ. ਪੀ. ਗੌਰਵ ਯਾਦਵ ਨੂੰ ਹੈੱਡਕੁਆਰਟਰ ’ਚ ਕਿਹਾ ਕਿ ਮੈਂ ਆਪਣੀ ਗ੍ਰਿਫਤਾਰੀ ਦੇਣ ਆਇਆ ਹਾਂ ਤਾਂ ਜੋ ਮੇਰੇ ਨਾਲ ਸਬੰਧਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

ਮੇਰੇ ਨਾਲ ਜੁੜੇ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਨਾ ਕਰੋ, ਮੈਨੂੰ ਗ੍ਰਿਫਤਾਰ ਕਰ ਲਓ–

ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 328 ਸਰੂਪਾਂ ਦੇ ਮਾਮਲੇ ’ਚ ਐੱਸ. ਆਈ. ਟੀ. ਬਣਾ ਕੇ ਅਤੇ ਉਨ੍ਹਾਂ ਦੇ ਨਿੱਜੀ ਵਪਾਰ ਦੀ ਜਾਂਚ ਕਰ ਕੇ ਝੂਠੇ ਕੇਸ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਉਨ੍ਹਾਂ ਦੇ ਸੀ. ਏ. ਸਤਵਿੰਦਰ ਸਿੰਘ ਕੋਹਲੀ ਨੂੰ ਮੁੜ ਪ੍ਰੋਡਕਸ਼ਨ ਵਾਰੰਟ ’ਤੇ ਲੈਣਾ ਚਾਹੁੰਦੀ ਹੈ। ਸਿਆਸੀ ਰੰਜਿਸ਼ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੇ ਕਦਮ ਚੁੱਕ ਰਹੀ ਹੈ। ਪੁਲਸ ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜਦਕਿ ਉਨ੍ਹਾਂ ਲੋਕਾਂ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਵੀ ਵਾਸਤਾ ਨਹੀਂ।

ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ’ਚ ਕਿਸੇ ਵੀ ਕਿਸਮ ਦੀ ਕੋਈ ਗੜਬੜ ਨਹੀਂ, ਸਰਕਾਰ ਚਾਹੇ ਤਾਂ ਤਸੱਲੀ ਨਾਲ ਸਾਰੀ ਜਾਂਚ ਕਰ ਲਵੇ। ਮੇਰੇ ਲੋਕ ਪ੍ਰੇਸ਼ਾਨ ਨਾ ਹੋਣ, ਇਸੇ ਲਈ ਮੈਂ ਗ੍ਰਿਫਤਾਰੀ ਦੇਣ ਇੱਥੇ ਆਇਆ ਹਾਂ, ਮੇਰੇ ਖਿਲਾਫ ਕੇਸ ਦਰਜ ਕਰੋ, ‘ਆਪ’ ਸਰਕਾਰ ਨੇ ਜੋ ਵੀ ਕਰਨਾ ਹੈ ਮੇਰੇ ਨਾਲ ਕਰੇ, ਦੂਜਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਪਾਵਨ ਸਰੂਪ ਮਾਮਲੇ ਦੇ ਬਹਾਨੇ ਸਰਕਾਰ ਨੇ ਜੋ ਐੱਸ. ਆਈ. ਟੀ. ਦਾ ਗਠਨ ਕੀਤਾ ਹੈ, ਉਹ ਜਾਂਚ ਦੀ ਬਜਾਏ ਅਕਾਲੀ ਆਗੂਆਂ ਦੀ ਰੇਕੀ ਕਰਨ ਦਾ ਕੰਮ ਕਰ ਰਹੀ ਹੈ।

Read More : ਅੰਮ੍ਰਿਤਸਰ ਏਅਰਪੋਰਟ ’ਤੇ ਕੁਆਲਾਲੰਪੁਰ ਤੋਂ ਆਈ ਔਰਤ ਕੋਲੋਂ 4 ਮਿੰਨੀ ਡਰੋਨ ਬਰਾਮਦ

Leave a Reply

Your email address will not be published. Required fields are marked *