ਵਿਦਿਆਰਥੀਆਂ ਨੂੰ ਗਲੋਬਲ ਪੱਧਰ ਦੀ ਵਿੱਤੀ ਮਹਾਰਤ ਦੇਣ ਲਈ ਅਕਾਦਮਿਕ ਡਿਗਰੀ ਨਾਲ ਜੁੜੇਗਾ ਪ੍ਰੋਫੈਸ਼ਨਲ ਸਰਟੀਫਿਕੇਸ਼ਨ; ਕੈਂਪਸ ਵਿੱਚ ਹੀ ਮਿਲੇਗੀ ਸੀਐਫਏ ਲੈਵਲ 1 ਤੇ 2 ਦੀ ਵਿਸ਼ੇਸ਼ ਟ੍ਰੇਨਿੰਗ
ਲੁਧਿਆਣਾ, 24 ਮਾਰਚ : ਸੀਟੀ ਯੂਨੀਵਰਸਿਟੀ (ਸੀਟੀਯੂ) ਨੇ ਵਿੱਤੀ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਪਹਿਲ ਕਰਦਿਆਂ ਐਸਐਸਈਆਈ (SSEI) ਦੇ ਸਹਿਯੋਗ ਨਾਲ ਇੱਕ ਨਵਾਂ ਵਿਸ਼ੇਸ਼ ਪ੍ਰੋਗਰਾਮ – ਬੀਬੀਏ/ਬੀਕਾਮ (ਸੀਐਫਏ) ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵਿੱਤੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸੀਐਫਏ (CFA) ਲੈਵਲ 1 ਅਤੇ ਲੈਵਲ 2 ਦੀਆਂ ਪਰੀਖਿਆਵਾਂ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਹੈ।
ਇਹ ਵਿਲੱਖਣ ਪਹਿਲ ਅਕਾਦਮਿਕ ਪੜ੍ਹਾਈ ਅਤੇ ਪੇਸ਼ੇਵਰ ਸਰਟੀਫਿਕੇਸ਼ਨ ਦੇ ਪਾੜੇ ਨੂੰ ਖ਼ਤਮ ਕਰੇਗੀ। ਇਸ ਸਹਿਯੋਗ ਤਹਿਤ ਐਸਐਸਈਆਈ ਵੱਲੋਂ ਤਿਆਰ ਕੀਤਾ ਗਿਆ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਰੋਜ਼ਾਨਾ ਕਲਾਸਾਂ ਦੇ ਰੂਪ ਵਿੱਚ ਸੀਟੀਯੂ ਕੈਂਪਸ ਵਿੱਚ ਹੀ ਦਿੱਤਾ ਜਾਵੇਗਾ। ਤਜਰਬੇਕਾਰ ਟ੍ਰੇਨਰਾਂ ਦੀ ਕੈਂਪਸ ਵਿੱਚ ਮੌਜੂਦਗੀ ਨਾਲ ਵਿਦਿਆਰਥੀਆਂ ਨੂੰ ਨਿਰੰਤਰ ਮਾਰਗਦਰਸ਼ਨ, ਨਿੱਜੀ ਸਹਾਇਤਾ ਅਤੇ ਉੱਚ ਮਿਆਰੀ ਸਿੱਖਿਆ ਮਿਲਣੀ ਯਕੀਨੀ ਹੋਵੇਗੀ।
ਸੀਐਫਏ ਦੇ ਪਾਠਕ੍ਰਮ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਵਿੱਚ ਇਸ ਤਰੀਕੇ ਨਾਲ ਸ਼ਾਮਲ ਕੀਤਾ ਗਿਆ ਹੈ ਕਿ ਵਿਦਿਆਰਥੀਆਂ ’ਤੇ ਵਾਧੂ ਪੜ੍ਹਾਈ ਦਾ ਬੋਝ ਨਾ ਪਵੇ। ਵਿਦਿਆਰਥੀ ਆਪਣੀ ਡਿਗਰੀ ਦੇ ਨਾਲ-ਨਾਲ ਆਸਾਨੀ ਨਾਲ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਹਾਸਲ ਕਰ ਸਕਣਗੇ। ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਐਸਐਸਈਆਈ ਵੱਲੋਂ ਵਿਸ਼ੇਸ਼ ਪਲੇਸਮੈਂਟ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ, ਜੋ ਫਾਇਨੈਂਸ ਸੈਕਟਰ ਵਿੱਚ ਵਧੀਆ ਕਰੀਅਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਪ੍ਰੋਗਰਾਮ ਦੇ ਸ਼ੁਭਾਰੰਭ ਮੌਕੇ ਡਾ. ਪੰਕਜ ਜੈਨ, ਪ੍ਰੋ. (ਡਾ.) ਹਰਵਿੰਦਰ ਸਿੰਘ, ਡਾ. ਕਮਲਪ੍ਰੀਤ ਕੌਰ, ਮਨੀਸ਼ਾ ਸੂਦ ਅਤੇ ਦਿਕਸ਼ਾ ਤਨੇਜਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।
ਸੀਟੀ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ, “ਅਸੀਂ ਹਮੇਸ਼ਾ ਉਦਯੋਗਿਕ ਲੋੜਾਂ ਅਨੁਸਾਰ ਸਿੱਖਿਆ ਦੇਣ ਲਈ ਵਚਨਬੱਧ ਹਾਂ। ਇਹ ਸਹਿਯੋਗ ਸਾਡੇ ਉਸ ਵਿਜ਼ਨ ਦਾ ਹਿੱਸਾ ਹੈ ਜਿਸ ਵਿੱਚ ਅਸੀਂ ਅਕਾਦਮਿਕ ਪ੍ਰੋਗਰਾਮਾਂ ਨੂੰ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਨਾਲ ਜੋੜ ਕੇ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਦੇ ਮੁਕਾਬਲੇ ਲਈ ਤਿਆਰ ਕਰਨਾ ਚਾਹੁੰਦੇ ਹਾਂ।”
ਰਜਿਸਟਰਾਰ ਸੰਜੇ ਖੰਡੂਰੀ ਨੇ ਕਿਹਾ ਕਿ ਇਹ ਸਾਂਝਾ ਪ੍ਰੋਗਰਾਮ ਉੱਚ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕੈਂਪਸ ਟ੍ਰੇਨਿੰਗ ਅਤੇ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੂੰ ਸਿਧਾਂਤਕ ਤੇ ਵਿਹਾਰਕ ਗਿਆਨ ਮਿਲੇਗਾ, ਜੋ ਉਨ੍ਹਾਂ ਨੂੰ ਫਾਇਨੈਂਸ ਦੇ ਖੇਤਰ ਵਿੱਚ ਸਫਲਤਾ ਦੇ ਨਵੇਂ ਮੁਕਾਮਾਂ ‘ਤੇ ਪਹੁੰਚਾਏਗਾ।
Read More : ਨੰਗਲ ਦੀ 800 ਏਕੜ ਤੋਂ ਵੱਧ ਵਾਧੂ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ ਮਾਨ ਸਰਕਾਰ : ਹਰਜੋਤ ਬੈਂਸ
