ਗ੍ਰੰਥੀ ਸਿੰਘ ਵੱਲੋਂ ਕੱਢੀ ਗਈ ਪਰਚੀ ਨਾਲ ਲਖਵਿੰਦਰ ਸਿੰਘ ਬਣਿਆ ਸਰਪੰਚ

ਅਦਾਲਤ ਵਿਚ 10 ਮਹੀਨਿਆਂ ਤੱਕ ਚੱਲੀ ਲੜਾਈ, ਫਿਰ ਦੁਬਾਰਾ ਗਿਣਤੀ ਵਿਚ ਨਤੀਜਾ ਬਰਾਬਰ ਰਿਹਾ

ਪਟਿਆਲਾ, 21 ਅਗਸਤ : ਜ਼ਿਲਾ ਪਟਿਆਲਾ ਦੇ ਪਿੰਡ ਅਸਮਾਨਪੁਰ ’ਚ ਬੀਤੇ ਦਿਨ ਸਰਪੰਚੀ ਦੀ ਚੋਣ ਰੋਮਾਂਚਕ ਹੋਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਦੁਬਾਰਾ ਗਿਣਤੀ ਵਿਚ ਸਰਪੰਚ ਦੇ ਅਹੁਦੇ ਲਈ ਦੋਵੇਂ ਉਮੀਦਵਾਰਾਂ ਲਖਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਬਰਾਬਰ 240-240 ਵੋਟਾਂ ਮਿਲੀਆਂ।

ਹੁਣ ਸਵਾਲ ਇਹ ਸੀ ਕਿ ਪਿੰਡ ਦਾ ਸਰਪੰਚ ਕੌਣ ਬਣੇਗਾ? ਪਰਚੀਆਂ ਪਾ ਕੇ ਕਿਸਮਤ ਅਜ਼ਮਾਉਣ ਦਾ ਫੈਸਲਾ ਹੋਇਆ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਨੂੰ ਬੁਲਾਇਆ ਗਿਆ। ਪੂਰੇ ਪਿੰਡ ਦੀਆਂ ਨਜ਼ਰਾਂ ਉਸ ਛੋਟੇ ਜਿਹੇ ਡੱਬੇ ’ਤੇ ਟਿਕੀਆਂ ਹੋਈਆਂ ਸਨ, ਜਿਸ ਵਿੱਚ ਦੋਵਾਂ ਉਮੀਦਵਾਰਾਂ ਦੀਆਂ ਪਰਚੀਆਂ ਪਾਈਆਂ ਗਈਆਂ ਸਨ। ਜਦੋਂ ਗ੍ਰੰਥੀ ਨੇ ਪਰਚੀ ਕੱਢੀ ਤਾਂ ਉਸ ’ਤੇ ਲਿਖਿਆ ਨਾਮ ਲਖਵਿੰਦਰ ਸਿੰਘ ਸੀ।

ਇਸ ਤਰ੍ਹਾਂ ਲਖਵਿੰਦਰ ਸਿੰਘ ਜੋ ਪਿਛਲੇ 10 ਮਹੀਨਿਆਂ ਤੋਂ ਅਦਾਲਤ ’ਚ ਇਨਸਾਫ਼ ਲਈ ਲੜ ਰਿਹਾ ਸੀ, ਜੋ ਹੁਣ ਪਿੰਡ ਦਾ ਨਵਾਂ ਸਰਪੰਚ ਬਣ ਗਿਆ ਹੈ। ਜਿਵੇਂ ਹੀ ਉਸਦੇ ਨਾਮ ਦਾ ਜੇਤੂ ਵਜੋਂ ਐਲਾਨ ਕੀਤਾ ਗਿਆ, ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਸਦਾ ਸਵਾਗਤ ਕੀਤਾ ਅਤੇ ਸਾਰਾ ਮਾਹੌਲ ਤਾੜੀਆਂ ਨਾਲ ਗੂੰਜ ਉੱਠਿਆ।

ਸਰਪੰਚ ਬਣਨ ਤੋਂ ਬਾਅਦ ਲਖਵਿੰਦਰ ਸਿੰਘ ਨੇ ਕਿਹਾ ਪਿਛਲੇ ਸਾਲ ਅਕਤੂਬਰ ’ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਮੈਨੂੰ ਸਿਰਫ਼ 2 ਵੋਟਾਂ ਨਾਲ ਹਾਰਿਆ ਹੋਇਆ ਐਲਾਨ ਦਿੱਤਾ ਗਿਆ ਸੀ। ਜਦਕਿ 27 ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਮੈਨੂੰ ਲੱਗਾ ਕਿ ਗਿਣਤੀ ਸਹੀ ਢੰਗ ਨਾਲ ਨਹੀਂ ਹੋਈ ਸੀ ਅਤੇ ਮੈਂ ਇਸ ਲਈ ਹਾਈ ਕੋਰਟ ਗਿਆ।

ਅਦਾਲਤ ਵਿਚ 10 ਮਹੀਨਿਆਂ ਤੱਕ ਲੜਾਈ ਚੱਲੀ ਅਤੇ ਬੁੱਧਵਾਰ ਨੂੰ ਦੁਬਾਰਾ ਗਿਣਤੀ ਹੋਈ ਅਤੇ ਨਤੀਜਾ ਬਰਾਬਰ ਰਿਹਾ। ਇਸ ਤੋਂ ਬਾਅਦ ਡਰਾਅ ਫਲੋਟ ਦਾ ਨਿਯਮ ਲਾਗੂ ਕੀਤਾ ਗਿਆ। ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪਰਚੀ ਕੱਢੀ ਤਾਂ ਮੇਰਾ ਨਾਮ ਉਸ ਪਰਚੀ ’ਤੇ ਸੀ। ਨਵੇਂ ਬਣੇ ਸਰਪੰਚ ਲਖਵਿੰਦਰ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਸੱਚਾਈ ਅਤੇ ਨਿਆਂ ਦੀ ਜਿੱਤ ਹੈ।

Read More : ਵਿਆਹੁਤਾ ਨੇ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ

Leave a Reply

Your email address will not be published. Required fields are marked *