ਚੰਡੀਗੜ੍ਹ, 16 ਦਸੰਬਰ : ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਸਪੀਕਰ ਰਾਜ ਚੌਹਾਨ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਉਨ੍ਹਾਂ ਨੇ ਪਤਨੀ, ਬੇਟੀ ਤੇ ਭਰਾ ਸਮੇਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਉਹ ਬ੍ਰਿਟਿਸ਼ ਕੋਲੰਬੀਆ ਦੇ ਪਹਿਲੇ ਪੰਜਾਬੀ ਸਪੀਕਰ ਹਨ ਅਤੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦਾ ਮਾਰਗਦਰਸ਼ਨ ਵੀ ਕਰ ਰਹੇ ਹਨ। ਉਹ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ, ਜੋ ਕਿ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ।
ਸੰਧਵਾਂ ਨੇ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਦੂਜਾ ਪੰਜਾਬ ਵਸਦਾ ਹੈ ਜੋ ਕੈਨੇਡਾ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਾਬਤ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਪੰਜਾਬ ਨਾਲ ਵਪਾਰ ਵਧਾਉਣ ਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਦੀ ਇੱਛਾ ਪ੍ਰਗਟਾਈ ਤਾਂ ਜੋ ਦੋਵੇਂ ਦੇਸ਼ ਇਸ ਦਾ ਲਾਭ ਲੈ ਸਕਣ।
ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਤੇ ਪੰਜਾਬ ਵਿਧਾਨ ਸਭਾ ’ਚ ਬਹੁਤ ਸਮਾਨਤਾਵਾਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸਭਾਵਾਂ ਵੈਸਟਮਿੰਸਟਰ ਪਰੰਪਰਾ ਨਾਲ ਸਬੰਧਤ ਲੋਕਤੰਤਰੀ ਮੁੱਲਾਂ ਤੇ ਵਚਨਬੱਧਤਾਵਾਂ ’ਤੇ ਆਧਾਰਤ ਹਨ, ਜਿਸ ’ਚ ਜਨਤਕ ਭਾਗੀਦਾਰੀ, ਸ਼ਾਸਨ ’ਚ ਪਾਰਦਰਸ਼ਤਾ, ਕਮੇਟੀ ਪ੍ਰਣਾਲੀ ਤੇ ਕਾਨੂੰਨੀ ਰਾਜ ਨੂੰ ਬਰਕਰਾਰ ਰੱਖਣਾ ਸ਼ਾਮਲ ਹੈ।
ਉਨ੍ਹਾਂ ਨੇ ਸਬੰਧਤ ਅਦਾਰਿਆਂ ਦੇ ਬਿਹਤਰ ਅਭਿਆਸਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦੀ ਆਸ ਪ੍ਰਗਟਾਈ, ਜਿਸ ’ਚ ਸੁਰੱਖਿਆ, ਸੇਵਾਵਾਂ ਪ੍ਰਦਾਨ ਕਰਨ, ਕਾਰਵਾਈਆਂ ਦੇ ਆਧੁਨਿਕੀਕਰਨ ਤੇ ਮੈਂਬਰਾਂ ਲਈ ਨਿਰੰਤਰ ਸਿੱਖਿਆ ਸ਼ਾਮਲ ਹੈ।
ਇਸ ਮੌਕੇ ਸਪੀਕਰ ਸੰਧਵਾਂ ਸਮੇਤ ਵਿਧਾਇਕ ਨਰਿੰਦਰ ਕੌਰ ਭਰਾਜ, ਵਿਧਾਇਕ ਰਜਨੀਸ਼ ਦਹੀਆ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਪੀਕਰ ਨੇ ਉਨ੍ਹਾਂ ਨੂੰ ਪੰਜਾਬ ਦੀ ਰਵਾਇਤੀ ਲੋਕ ਕਢਾਈ ਫੁਲਕਾਰੀ ਦੇ ਨਾਲ-ਨਾਲ ਲੋਈ ਤੇ ਸਿੱਖੀ ਨਾਲ ਸਬੰਧਿਤ ਚਿੰਨ੍ਹ ਭੇਟ ਕੀਤੇ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਪ੍ਰਤੀ ਸਤਿਕਾਰ ਪ੍ਰਗਟ ਕੀਤਾ।
Read More : ਪਾਕਿਸਤਾਨੀ ਗੁਬਾਰਾ ਅਤੇ ਕੋਡ ਵਰਡ ਲਿਖਿਆ ਕਾਗਜ਼ ਮਿਲਿਆ
