ਚੰਡੀਗੜ੍ਹ, 23 ਅਕਤੂਬਰ : ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਪਠਾਨਕੋਟ ਦੇ ਇਕ ਦੁਖੀ ਪਰਿਵਾਰ ਦੀ ਉਨ੍ਹਾਂ ਦੇ ਵਿਦੇਸ਼ ’ਚ ਰਹਿੰਦੇ ਇਕ ਰਿਸ਼ਤੇਦਾਰ ਦੀ ਮ੍ਰਿਤਕ ਦੇਹ ਘਰ ਵਾਪਸ ਲਿਆਉਣ ’ਚ ਮਦਦ ਕੀਤੀ।
ਜਾਣਕਾਰੀ ਅਨੁਸਾਰ ਸੁਜਾਨਪੁਰ ਦੇ ਰਹਿਣ ਵਾਲਾ 32 ਸਾਲਾ ਕੁਲਦੀਪ ਕੁਮਾਰ ਦਾ ਇਸ ਮਹੀਨੇ ਦੀ ਸ਼ੁਰੂਆਤ ’ਚ ਟਿਮਿਸੋਆਰਾ, ਰੋਮਾਨੀਆ ਵਿਖੇ ਦਿਹਾਂਤ ਹੋ ਗਿਆ ਸੀ, ਜੋ ਇੱਥੇ ਐੱਸ.ਸੀ. ਸਟਾਰੇਟੋ ਐੱਸ.ਆਰ.ਐੱਲ. ’ਚ ਨੌਕਰੀ ਕਰਦਾ ਸੀ। ਉਸ ਦੇ ਭਰਾ ਹੀਰਾ ਸਿੰਘ ਨੇ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਸਰਕਾਰੀ ਮਦਦ ਦੀ ਮੰਗ ਕੀਤੀ ਸੀ।
ਪਰਿਵਾਰ ਦੀ ਬੇਨਤੀ ਤੋਂ ਬਾਅਦ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਬੇਨਤੀ ਮੰਤਰੀ ਸੰਜੀਵ ਅਰੋੜਾ ਨੂੰ ਭੇਜੀ, ਜਿਨ੍ਹਾਂ ਨੇ ਤੁਰੰਤ ਵਿਦੇਸ਼ ਮੰਤਰਾਲੇ ਤੇ ਬੁਖਾਰੈਸਟ ਵਿਖੇ ਭਾਰਤੀ ਸਫ਼ਾਰਤਖ਼ਾਨੇ ਨੂੰ ਪੱਤਰ ਲਿਖ ਕੇ ਮ੍ਰਿਤਕ ਦੇਹ ਦੀ ਵਾਪਸੀ ਦੀ ਸਹੂਲਤ ਲਈ ਸਹਾਇਤਾ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਬੁਖਾਰੈਸਟ ’ਚ ਭਾਰਤ ਦੇ ਸਫ਼ਾਰਤਖ਼ਾਨੇ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰ ਦੇ ਮੈਂਬਰਾਂ ਅਤੇ ਰੋਮਾਨੀਆ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ’ਚ ਹੈ ਅਤੇ ਮ੍ਰਿਤਕ ਦੇਹ ਦੀ ਵਾਪਸੀ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ।
22 ਅਕਤੂਬਰ ਨੂੰ ਵਿਦੇਸ਼ ਮੰਤਰੀ ਦਫ਼ਤਰ ’ਚ ਅਧੀਨ ਸਕੱਤਰ ਬਿਭੂਤੀ ਪਾਂਡੇ ਨੇ ਅਰੋੜਾ ਨੂੰ ਸੂਚਿਤ ਕੀਤਾ ਕਿ ਭਾਰਤੀ ਸਫ਼ਾਰਤਖ਼ਾਨੇ ਨੇ ਮ੍ਰਿਤਕ ਦੇਹ ਦੀ ਵਾਪਸੀ ਦਾ ਪ੍ਰਬੰਧ ਕਰਨ ਲਈ ਇਕ ਏਜੰਸੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਥੋੜ੍ਹੀ ਦੇਰ ਬਾਅਦ ਏਜੰਸੀ ਨੇ ਈ-ਮੇਲ ਜ਼ਰੀਏ ਪੁਸ਼ਟੀ ਕੀਤੀ ਕਿ ਉਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਟਿਮਿਸੋਆਰਾ ਤੋਂ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰ ਲਏ ਹਨ।
Read More : ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ-ਜਲਾਲ ਨਾਲ ਮਹੱਲਾ ਕੱਢਿਆ
