ਸਾਰੇ ਸਰੂਪ ਪੂਰਨ ਮਰਿਆਦਾ ਸਹਿਤ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਰੱਖਵਾਏ, ਪੁਲਿਸ ਵੱਲੋਂ ਮਾਮਲਾ ਦਰਜ
ਕੋਟਕਪੂਰਾ, 12 ਮਾਰਚ : ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਨੇੜੇ ਇਕ ਸੁੰਨਸਾਨ ਖਾਲੀ ਪਲਾਟ ’ਚ ਗੁਟਕਾ ਸਾਹਿਬ ਦੇ ਸਰੂਪ ਮਿਲਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸ਼ਹੀਦ ਜੋਧ ਸਿੰਘ ਰੋਡ ਦੀ ਗਲੀ ਨੰਬਰ-6 ਦੇ ਇਕ ਪਲਾਟ ’ਚ ਪਏ ਕਰੇਟ ’ਚੋਂ ਗੁੱਟਕਾ ਸਾਹਿਬ ਦੇ 6 ਸਰੂਪ ਬਰਾਮਦ ਹੋਏ, ਜਿਨ੍ਹਾਂ ’ਚੋਂ ਕੁਝ ਬ੍ਰਿਧ ਅਵਸਥਾ ’ਚ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਪੀ. ਫ਼ਰੀਦਕੋਟ ਡਾ. ਪ੍ਰਗਿਆ ਜੈਨ, ਡੀ.ਐੱਸ.ਪੀ. ਕੋਟਕਪੂਰਾ ਸੰਜੀਵ ਕੁਮਾਰ ਅਤੇ ਐੱਸ.ਐੱਚ.ਓ. ਚਮਕੌਰ ਸਿੰਘ ਪੁਲਿਸ ਫ਼ੋਰਸ ਸਮੇਤ ਮੌਕੇ ’ਤੇ ਪਹੁੰਚੇ। ਗੁੱਟਕਾ ਸਾਹਿਬ ਦੇ ਸਾਰੇ ਸਰੂਪ ਪੂਰਨ ਮਰਿਆਦਾ ਸਹਿਤ ਸਥਾਨਕ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਰੱਖਵਾਏ ਗਏ ਹਨ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਕ ਰਾਹਗੀਰ ਨੇ ਕਰੇਟ ’ਚ ਸਰੂਪ ਪਏ ਦੇਖ ਕੇ ਗੁਰਦੁਆਰਾ ਚੁੱਲਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਜਗਜੀਤ ਸਿੰਘ, ਬਾਬਾ ਲਖਵੀਰ ਸਿੰਘ (ਕਿਲ੍ਹਾ ਸਾਹਿਬ), ਖੁਸ਼ਕਰਨ ਸਿੰਘ ਭਾਣਾ, ਗੁਰਪ੍ਰੀਤ ਸਿੰਘ ਪੰਜਗਰਾਈਂ, ਹਰਪ੍ਰੀਤ ਸਿੰਘ ਹੈਪੀ ਖ਼ਾਲਸਾ, ਜਗਸੀਰ ਸਿੰਘ ਅਤੇ ਸ਼ੇਰ ਸਿੰਘ ਖ਼ਾਲਸਾ ਮੌਕੇ ’ਤੇ ਪੁੱਜੇ।
ਡੀ.ਐੱਸ.ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਲਾਪ੍ਰਵਾਹੀ ਹੈ ਜਾਂ ਕੋਈ ਸਾਜ਼ਿਸ਼, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬ੍ਰਿਧ ਸਰੂਪ ਪੂਰਨ ਮਰਿਆਦਾ ਨਾਲ ਗੁਰਦੁਆਰਾ ਸਾਹਿਬ ’ਚ ਜਮ੍ਹਾਂ ਕਰਵਾਏ ਜਾਣ।
ਬਾਬਾ ਲਖਵੀਰ ਸਿੰਘ ਨੇ ਪੁਲਿਸ ਦੀ ਤੁਰੰਤ ਕਾਰਵਾਈ ’ਤੇ ਸੰਤੁਸ਼ਟੀ ਜਤਾਉਂਦਿਆਂ ਇਲਾਕਾ ਨਿਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
Read More : ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ : ਅੰਕੁਰ ਮਹਿੰਦਰੂ
