ਸੂਬਾ ਸਰਕਾਰ ਇਸ ਪ੍ਰਾਜੈਕਟ ’ਤੇ 1194 ਕਰੋੜ ਰੁਪਏ ਖਰਚੇਗੀ
ਖੇਡ ਮੈਦਾਨ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਰੰਗਲਾ ਪੰਜਾਬ’ ਮੁਹਿੰਮ ਨੂੰ ਸਿਖਰ ’ਤੇ ਲੈ ਜਾ ਕੇ ਮਹੱਤਵਪੂਰਨ ਯੋਗਦਾਨ ਪਾਉਣਗੇ : ਕੇਜਰੀਵਾਲ ਤੇ ਭਗਵੰਤ ਮਾਨ
ਬਠਿੰਡਾ, 9 ਅਕਤੂਬਰ : ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰ ਕੇ ਨਸ਼ਿਆਂ ਵਿਰੁੱਧ ਜੰਗ ਨੂੰ ਸਿਖਰ ’ਤੇ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ 1194 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ’ਚ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ ਦੀ ਇਕ ਵੱਡ-ਆਕਾਰੀ ਯੋਜਨਾ ਦੀ ਸ਼ੁਰੂਆਤ ਕੀਤੀ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਵਰਤਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰੀਰਿਕ ਸਿਹਤ ਅਤੇ ਮਨ ਦੀ ਤੰਦਰੁਸਤੀ ਲਈ ਪੰਜਾਬ ਭਰ ’ਚ 3100 ਤੋਂ ਵੱਧ ਨਵੇਂ ਖੇਡ ਮੈਦਾਨ ਸਥਾਪਤ ਕਰਨ ਦਾ ਕੰਮ ਅੱਜ ਸ਼ੁਰੂ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਖੇਡ ਮੈਦਾਨ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਰੰਗਲਾ ਪੰਜਾਬ’ ਮੁਹਿੰਮ ਨੂੰ ਸਿਖਰ ’ਤੇ ਲੈ ਜਾ ਕੇ ਮਹੱਤਵਪੂਰਨ ਯੋਗਦਾਨ ਪਾਉਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਦੇ ਸਰਾਪ ਤੋਂ ਦੂਰ ਰੱਖਣ ਅਤੇ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ ਤਮਗੇ ਜਿੱਤਣ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉੱਭਰ ਰਹੇ ਖਿਡਾਰੀਆਂ ਲਈ ਇਹ ਖੇਡ ਮੈਦਾਨ ਮਾਰਗ ਦਰਸ਼ਕ ਵਜੋਂ ਕੰਮ ਕਰਨਗੇ। ਇਨ੍ਹਾਂ ਖੇਡ ਮੈਦਾਨਾਂ ਉੱਪਰ 1184 ਕਰੋੜ ਰੁਪਏ ਖਰਚੇ ਜਾਣਗੇ। ਪਹਿਲੇ ਪੜਾਅ ’ਚ ਵੱਡੀ ਆਬਾਦੀ ਵਾਲੇ ਪਿੰਡਾਂ ਦੀ ਚੋਣ ਕੀਤੀ ਗਈ ਹੈ। ਇਹ ਖੇਡ ਮੈਦਾਨ ਅੱਧੇ ਏਕੜ ਤੋਂ ਚਾਰ ਏਕੜ ਤਕ ਦੇ ਰਕਬੇ ’ਚ ਬਣਾਏ ਜਾਣਗੇ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਖਿਆ ਲਈ ਇਕ ਚੰਗਾ ਸਕੂਲ ਜ਼ਰੂਰੀ ਹੈ, ਉਸੇ ਤਰ੍ਹਾਂ ਇਕ ਢੁੱਕਵਾਂ ਖੇਡ ਮੈਦਾਨ ਇਕ ਬੱਚੇ ਨੂੰ ਆਪਣੇ ਪਿੰਡ, ਸੂਬੇ ਅਤੇ ਦੇਸ਼ ਦਾ ਨਾਂ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ’ਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ ਖੇਡਾਂ ਦਾ ਬਜਟ ਸਿਰਫ 100 ਕਰੋੜ ਰੁਪਏ ਸੀ, ਜਦੋਂ ਕਿ ਮੌਜੂਦਾ ਸਰਕਾਰ ਨੇ ਇਸ ਨੂੰ ਵਧਾ ਕੇ ਇਕ ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਖੇਡਾਂ ਦੇ ਖੇਤਰਾਂ ’ਚ ਬੁਨਿਆਦੀ ਢਾਂਚਾ ਨਿਗੂਣਾ ਸੀ ਪਰ ਹੁਣ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਖੇਡਾਂ ਦੇ ਖੇਤਰ ’ਚ ਵੱਡਾ ਯੋਗਦਾਨ ਪਾਇਆ ਹੈ ਅਤੇ ਜਦੋਂ ਵੀ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਦੇਸ਼ ਦਾ ਝੰਡਾ ਲਹਿਰਾਇਆ ਜਾਂਦਾ ਹੈ ਤਾਂ ਇਹ ਸਾਰਿਆਂ ਲਈ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਚਾਰ ਕੌਮੀ ਟੀਮਾਂ ਦੀ ਕਪਤਾਨੀ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ’ਚ ਹਰਮਨਪ੍ਰੀਤ ਕੌਰ, ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਸਿੰਘ ਸ਼ਾਮਲ ਹਨ।
ਸੂਬਾ ਸਰਕਾਰ ਨੇ ਪੰਜਾਬ ’ਚ ਵਿਸ਼ਾਲ ਖੇਡ ਬੁਨਿਆਦੀ ਢਾਂਚਾ ਬਣਾਇਆ ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨੌਂ ਪੰਜਾਬੀ ਖਿਡਾਰੀ ਕੌਮੀ ਹਾਕੀ ਟੀਮ ਦੇ ਮੈਂਬਰ ਹਨ, ਜੋ ਦਰਸਾਉਂਦਾ ਹੈ ਕਿ ਸੂਬਾ ਖੇਡਾਂ ਦੇ ਖੇਤਰ ’ਚ ਕਿਵੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ’ਚ ਵਿਸ਼ਾਲ ਖੇਡ ਬੁਨਿਆਦੀ ਢਾਂਚਾ ਬਣਾਇਆ ਹੈ, ਜਿਸ ਕਾਰਨ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਹੁਣ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਖੇਡਦੀਆਂ ਨਜ਼ਰ ਆ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅੰਤਰਰਾਸ਼ਟਰੀ ਖੇਡਾਂ ’ਚ ਸੋਨ ਤਮਗਾ ਜੇਤੂਆਂ ਨੂੰ ਇਕ ਕਰੋੜ ਰੁਪਏ, ਚਾਂਦੀ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਅਤੇ ਕਾਂਸੀ ਤਮਗਾ ਜੇਤੂਆਂ ਨੂੰ 50 ਲੱਖ ਰੁਪਏ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 300 ਕੋਚ ਨਿਯੁਕਤ ਕੀਤੇ ਹਨ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਅੱਠ ਲੱਖ ਰੁਪਏ ਦਿੱਤੇ ਜਾਂਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤਰੁਨਪ੍ਰੀਤ ਸਿੰਘ ਸੌਂਦ, ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਚੀਫ ਵਿੱਪ ਤੇ ਵਿਧਾਇਕ ਤਲਵੰਡੀ ਸਾਬੋ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ, ਵਿਧਾਇਕ ਭੁੱਚੋ ਮੰਡੀ ਮਾ. ਜਗਸੀਰ ਸਿੰਘ, ਵਿਧਾਇਕ ਮੌੜ ਸੁਖਬੀਰ ਸਿੰਘ ਮਾਈਸਰਖਾਨਾ, ਪ੍ਰਬੰਧਕੀ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਜਿਤ ਬਾਲਾ ਜੀ ਜੋਸ਼ੀ, ਵਿਸ਼ੇਸ਼ ਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਸਰਵਜੀਤ ਸਿੰਘ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ, ਜ਼ਿਲਾ ਪੁਲਸ ਮੁਖੀ ਮੈਡਮ ਅਮਨੀਤ ਕੌਂਡਲ ਆਦਿ ਸ਼ਮੂਲੀਅਤ ਕੀਤੀ।
Read More : ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਬੰਧਕੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼