Karva Chauth

ਪਤੀ-ਪਤਨੀ ਦੇ ਅਟੁੱਟ ਬੰਧਨ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ ‘ਕਰਵਾਚੌਥ’

ਸੁਹਾਗਣਾਂ ਨੇ ਪਤੀ ਦੀ ਲੰਬੀ ਉਮਰ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਖਾ ਕੇ ਕੀਤੀ ਵਰਤ ਦੀ ਸ਼ੁਰੂਆਤ, ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰ ਕੇ ਕੀਤੀ ਸਮਾਪਤੀ

ਪੰਜਾਬ : ਅੱਜ ਕਰਵਾਚੌਥ ਦਾ ਪਵਿੱਤਰ ਤਿਉਹਾਰ ਸੁਹਾਗਣਾਂ ਵੱਲੋਂ ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਸਵੇਰੇ ਤੜਕੇ ਤੋਂ ਹੀ ਸੁਹਾਗਣਾਂ ਨੇ ‘ਸਰਗੀ’ ਖਾ ਕੇ ਵਰਤ ਦੀ ਸ਼ੁਰੂਆਤ ਕੀਤੀ ਅਤੇ ਪੂਰੇ ਦਿਨ ਭੁੱਖੇ ਤੇ ਪਿਆਸੇ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਤੇ ਸੁਖਮਈ ਜੀਵਨ ਦੀ ਕਾਮਨਾ ਕੀਤੀ।

ਸੁਹਾਗਣਾਂ ਨੇ ਇਸ ਤੋਂ ਬਾਅਦ ਸੂਰਜ ਚੜ੍ਹਣ ਤੋਂ ਪਹਿਲਾਂ ਹੀ ਅੰਨ ਤੇ ਪਾਣੀ ਦਾ ਤਿਆਗ ਕਰ ਦਿੱਤਾ ਤੇ ਸ਼ਾਮ ਵੇਲੇ ਇਕੱਠੀਆਂ ਹੋ ਕੇ ਕਰਵਾ ਚੌਥ ਦੀ ਕਥਾ ਸੁਣੀ। ਸ਼ਾਮ ਵੇਲੇ ਸੁਹਾਗਣਾਂ ਨੇ ਸਜ-ਧਜ ਕੇ ਲਾਲ, ਗੁਲਾਬੀ ਅਤੇ ਸੁਨਹਿਰੇ ਰੰਗਾਂ ਦੇ ਵਸਤਰ ਪਹਿਨੇ, ਚੂੜੀਆਂ, ਬਿੰਦੀਆਂ ਅਤੇ ਗਹਿਣਿਆਂ ਨਾਲ ਆਪਣੇ ਆਪ ਨੂੰ ਸਜਾਇਆ।

ਸ਼ਾਮ 8 ਵਜੇ ਤੋਂ ਹੀ ਚੰਦਰਮਾ ਚੜ੍ਹਨ ਲਈ ਉਤਸੁਕਤਾ ਵੱਧਦੀ ਰਹੀ ਅਤੇ ਜਦੋਂ ਚੰਦਰਮਾ ਨੇ ਦਰਸ਼ਨ ਦਿੱਤੇ ਤਾਂ ਸੁਹਾਗਣਾ ਨੇ ਛਾਣਣੀ ਰਾਹੀਂ ਚੰਦ ਨੂੰ ਦੇਖਿਆ ਅਤੇ ਫਿਰ ਆਪਣੇ ਪਤੀ ਦੇ ਚਿਹਰੇ ਨੂੰ ਵੇਖ ਕੇ ਅਰਦਾਸ ਕੀਤੀ। ਇਸ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਤੋੜਿਆ ਗਿਆ। ਚੰਦ ਦੇ ਉਪਰੰਤ ਆਪਣੇ ਪਰਿਵਾਰਾਂ ਨਾਲ ਮਿਲ ਕੇ ਭੋਜਨ ਕੀਤਾ ਅਤੇ ਇਕ-ਦੂਜੇ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਸ਼ਹਿਰ ਦੇ ਧਾਰਮਿਕ ਵਿਦਵਾਨ ਨੇ ਦੱਸਿਆ ਕਿ ਕਰਵਾਚੌਥ ਦਾ ਇਤਿਹਾਸ ਪ੍ਰਾਚੀਨ ਭਾਰਤੀ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਇਹ ਤਿਉਹਾਰ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਥੀ ਨੂੰ ਮਨਾਇਆ ਜਾਂਦਾ ਹੈ। ਪ੍ਰਚਲਿਤ ਕਥਾ ਅਨੁਸਾਰ ਪਾਂਡਵਾਂ ਦੀ ਪਤਨੀ ਦ੍ਰੌਪਦੀ ਨੇ ਆਪਣੇ ਪਤੀ ਅਰਜੁਨ ਦੀ ਸੁਰੱਖਿਆ ਲਈ ਇਸ ਵਰਤ ਨੂੰ ਰੱਖਿਆ ਸੀ। ਇਸ ਤੋਂ ਬਾਅਦ ਇਹ ਪ੍ਰਥਾ ਭਾਰਤ ਭਰ ’ਚ ਔਰਤਾਂ ਲਈ ਸੁਹਾਗ ਦਾ ਪ੍ਰਤੀਕ ਬਣ ਗਈ।

ਉਨ੍ਹਾਂ ਦੱਸਿਆ ਕਿ ‘ਕਰਵਾ’ ਦਾ ਅਰਥ ਹੈ ਮਿੱਟੀ ਦਾ ਘੜਾ, ਜੋ ਪਵਿੱਤਰਤਾ ਅਤੇ ਸਮਰਪਣ ਦਾ ਪ੍ਰਤੀਕ ਹੈ, ਜਦਕਿ ‘ਚੌਥ’ ਦਾ ਅਰਥ ਹੈ ਚਤੁਰਥੀ ਤਾਰੀਖ। ਇਹ ਤਿਉਹਾਰ ਪਤੀ-ਪਤਨੀ ਦੇ ਅਟੁੱਟ ਬੰਧਨ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਕਰਵਾਚੌਥ ਕਾਰਨ ਬੇਸ਼ੱਕ ਅੱਜ ਜ਼ਿਆਦਾਤਰ ਔਰਤਾਂ ਘਰਾਂ ਵਿਚ ਹੀ ਰਹੀਆਂ।

ਇਸਦੇ ਬਾਵਜੂਦ ਸ਼ਹਿਰ ਅੰਦਰ ਕਾਫੀ ਰੌਣਕ ਦਿਖਾਈ ਦਿੱਤੀ। ਮਹਿੰਦੀਆਂ ਦੇ ਸਟਾਲਾਂ ’ਤੇ ਲੜਕੀਆਂ ਅਤੇ ਔਰਤਾਂ ਦੀ ਭੀੜ ਲੱਗੀ ਰਹੀ। ਗਹਿਣਿਆਂ, ਸੂਟਾਂ ਅਤੇ ਸਜਾਵਟੀ ਸਾਮਾਨ ਦੀਆਂ ਦੁਕਾਨਾਂ ’ਤੇ ਵੀ ਖਰੀਦਦਾਰੀ ਦਾ ਜ਼ੋਰ ਰਿਹਾ। ਸ਼ਾਮ ਵੇਲੇ ਰੌਸ਼ਨੀ ਨਾਲ ਚਮਕਦੇ ਬਾਜ਼ਾਰਾਂ ਵਿੱਚ ਤਿਉਹਾਰ ਦੀ ਖ਼ੁਸ਼ੀ ਸਪੱਸ਼ਟ ਦਿਖਾਈ ਦਿੱਤੀ।

Read More : ਹਰਿਆਣਾ ‘ਚ ਉਦਮੀਆਂ ਦੀਆਂ ਮੁਸ਼ਕਲਾਂ ਘਟੀਆਂ, ਸਹੂਲਤਾਂ ਵਧੀਆਂ

Leave a Reply

Your email address will not be published. Required fields are marked *