ਬਠਿੰਡਾ, 27 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਮਾਣਹਾਨੀ ਦੇ ਮਾਮਲੇ ’ਚ ਪੇਸ਼ ਹੋਣ ਲਈ ਬਠਿੰਡਾ ਅਦਾਲਤ ’ਚ ਪਹੁੰਚੀ।
ਸੁਰੱਖਿਆ ਕਾਰਨਾਂ ਕਰ ਕੇ ਪੁਲਸ ਨੇ ਅਦਾਲਤ ਨੂੰ ਛਾਉਣੀ ’ਚ ਬਦਲ ਦਿੱਤਾ। ਕੰਗਨਾ ਨੂੰ ਪੁਲਸ ਸੁਰੱਖਿਆ ਹੇਠ ਅਦਾਲਤ ਵਿਚ ਲਿਜਾਇਆ ਗਿਆ। ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਉਸ ਨੇ ਪਹਿਲਾਂ ਆਪਣੀ ਜ਼ਮਾਨਤ ਲਈ ਮੁਚਲਕਾ ਜਮ੍ਹਾ ਕਰਵਾਇਆ। ਫਿਰ ਅਦਾਲਤ ਨੇ ਕੰਗਨਾ ਰਣੌਤ ਦੇ ਕੇਸ ਨੂੰ ਸੈਸ਼ਨ ਅਦਾਲਤ ’ਚ ਤਬਦੀਲ ਕਰ ਦਿੱਤਾ, ਜਿਥੋਂ ਇਸ ਮਾਮਲੇ ਨੂੰ ਵਿਸ਼ੇਸ਼ ਅਦਾਲਤ ਵਿਚ ਤਬਦੀਲ ਕਰ ਦਿੱਤਾ ਗਿਆ।
ਇਸ ਦੌਰਾਨ ਕੰਗਨਾ ਰਣੌਤ ਨੇ ਹਰ ਸੁਣਵਾਈ ’ਤੇ ਨਿੱਜੀ ਤੌਰ ’ਤੇ ਪੇਸ਼ ਨਾ ਹੋਣ ਲਈ ਅਰਜ਼ੀ ਵੀ ਦਾਇਰ ਕੀਤੀ, ਜਿਸ ’ਤੇ ਅਦਾਲਤ ਵਿਚਾਰ ਕਰੇਗੀ। ਕੇਸ ਦੀ ਅਗਲੀ ਤਰੀਕ 24 ਨਵੰਬਰ ਨਿਰਧਾਰਤ ਕੀਤੀ ਗਈ ਹੈ। ਅਦਾਲਤ ਬਾਅਦ ਵਿਚ ਫੈਸਲਾ ਕਰੇਗੀ ਕਿ ਕੀ ਕੰਗਨਾ ਰਣੌਤ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਅਤੇ ਉਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ।
ਸ਼ਿਕਾਇਤਕਰਤਾ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ ਕਾਰਨ ਮਾਤਾ ਜੀ ਅਦਾਲਤ ’ਚ ਪੇਸ਼ ਨਹੀਂ ਹੋ ਸਕੇ ਪਰ ਉਨ੍ਹਾਂ ਦੇ ਪਤੀ ਲਾਭ ਸਿੰਘ ਉਨ੍ਹਾਂ ਦੀ ਥਾਂ ’ਤੇ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਲਈ ਪੇਸ਼ ਹੋਏ।
ਪੇਸ਼ੀ ਤੋਂ ਬਾਅਦ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਔਰਤ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਉਸ ਦੀ ਇਸ ਪੂਰੇ ਮਾਮਲੇ ਵਿਚ ਕੋਈ ਸ਼ਮੂਲੀਅਤ ਨਹੀਂ ਸੀ ਪਰ ਉਹ ਸਿਰਫ਼ ਇਕ ਟਵੀਟ ਦਾ ਜਵਾਬ ਦੇ ਰਹੀ ਸੀ।
ਉਹ ਸਾਰੀਆਂ ਔਰਤਾਂ ਦਾ ਸਤਿਕਾਰ ਕਰਦੀ ਹੈ ਅਤੇ ਜੇਕਰ ਉਸ ਦੇ ਸ਼ਬਦਾਂ ਨੇ ਮਾਤਾ ਮਹਿੰਦਰ ਕੌਰ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੁਆਫ਼ੀ ਮੰਗਦੀ ਹੈ ਅਤੇ ਅਫ਼ਸੋਸ ਪ੍ਰਗਟ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਤਾ ਦੇ ਪਤੀ ਰਾਹੀਂ ਮਾਤਾ ਮਹਿੰਦਰ ਕੌਰ ਨੂੰ ਸੁਨੇਹਾ ਵੀ ਭੇਜਿਆ ਹੈ। ਉਮੀਦ ਹੈ ਕਿ ਇਸ ਨਾਲ ਸਭ ਕੁਝ ਹੱਲ ਹੋ ਜਾਵੇਗਾ।
ਇਸ ਦੌਰਾਨ ਮਾਤਾ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਕਿਹਾ ਕਿ ਉਹ ਕੰਗਨਾ ਰਣੌਤ ਦੀ ਮੁਆਫ਼ੀ ਤੋਂ ਜਾਣੂ ਸਨ ਪਰ ਉਹ ਇਕੱਲੇ ਕੋਈ ਫੈਸਲਾ ਨਹੀਂ ਲੈ ਸਕਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਔਰਤਾਂ ਕੰਗਨਾ ਰਣੌਤ ਦੇ ਟਵੀਟ ਤੋਂ ਦੁਖੀ ਹਨ ਅਤੇ ਉਨ੍ਹਾਂ ਦੀ ਮੁਆਫ਼ੀ ਬਾਰੇ ਫੈਸਲਾ ਸਾਰਿਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਘਟਨਾ 2021 ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਉਸ ਸਮੇਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਇਕ ਟਵੀਟ ਪੋਸਟ ਕੀਤਾ ਸੀ, ਜਿਸ ਵਿਚ ਉਸ ਨੇ ਬਠਿੰਡਾ ਜ਼ਿਲੇ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਵਸਨੀਕ 81 ਸਾਲਾ ਕਿਸਾਨ ਮਹਿੰਦਰ ਕੌਰ ਦੀ ਇਕ ਫੋਟੋ ਪੋਸਟ ਕੀਤੀ ਸੀ, ਜਿਸ ਨਾਲ ਕੈਪਸ਼ਨ ’ਚ ਲਿਖਿਆ ਸੀ, ‘ਅਜਿਹੀਆਂ ਔਰਤਾਂ 100-100 ਰੁਪਏ ਲਈ ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਹੁੰਦੀਆਂ ਹਨ। ਮਾਤਾ ਮਹਿੰਦਰ ਕੌਰ ਨੇ ਬਾਅਦ ਵਿਚ ਇਸ ਮਾਮਲੇ ਸਬੰਧੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਸੀ।’
Read More : ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 2400 ਕਰੋੜ ਜਾਰੀ : ਡਾ. ਬਲਜੀਤ ਕੌਰ
