Arshdeep Singh Kler

ਕੰਚਨਪ੍ਰੀਤ ਦੀ ਗ੍ਰਿਫ਼ਤਾਰੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ : ਅਕਾਲੀ ਦਲ

ਚੰਡੀਗੜ੍ਹ, 29 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਮੁਖੀ ਤੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਤਰਨਤਾਰਨ ਤੋਂ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਸਪੁੱਤਰੀ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੱਸਿਆ ਹੈ। ਉਨ੍ਹਾਂ ਨੇ ਅਦਾਲਤ ਵੱਲੋਂ ਦਖ਼ਲ ਦੇ ਕੇ ਕੇਸ ’ਚ ਪੁਲਸ ਰਿਮਾਂਡ ’ਤੇ ਦੇਰ ਸ਼ਾਮ ਸੁਣਵਾਈ ਤੱਕ ਰੋਕ ਲਾਉਣ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਡੀ. ਜੀ. ਪੀ. ਗੌਰਵ ਯਾਦਵ ਨੇ ਉੱਚ ਪੁਲਸ ਅਧਿਕਾਰੀਆਂ ਨੇ ਕੰਚਨਪ੍ਰੀਤ ਕੌਰ ਖ਼ਿਲਾਫ਼ ਦਰਜ ਚਾਰ ਕੇਸਾਂ ’ਚ ਉਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਹੈ ਪਰ ਹੁਣ ਇਕ ਹੋਰ ਮਾਮਲੇ ’ਚ ਗ਼ੈਰ-ਜ਼ਮਾਨਤੀ ਧਾਰਾਵਾਂ ਉਨ੍ਹਾਂ ਖ਼ਿਲਾਫ਼ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਲਸ ’ਤੇ ਕੰਚਨਪ੍ਰੀਤ ਨੂੰ ਬਦਲਾਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਨ ਲਈ ਦਬਾਅ ਬਣਾਇਆ।

ਉਨ੍ਹਾਂ ਕਿਹਾ ਕਿ ਸਰਕਾਰ ਕੰਚਨਪ੍ਰੀਤ ਖ਼ਿਲਾਫ਼ ਗ਼ਲਤ ਬਿਰਤਾਂਤ ਸਿਰਜਣਾ ਚਾਹੁੰਦੀ ਹੈ। ਕੇਸ ਦੀ ਅਸਲੀਅਤ ਇਹ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਚੋਣਾਂ ਤੋਂ ਪਹਿਲਾਂ ਨਹੀਂ ਬਣਦਾ ਸੀ। ਜਿਨ੍ਹਾਂ ਪੁਲਸ ਅਫ਼ਸਰਾਂ ਨੇ ਕੰਚਨਪ੍ਰੀਤ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਤੇ ਹੁਣ ਉਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਨੂੰ ਅਦਾਲਤਾਂ ’ਚ ਆਪਣੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦਾ ਜਵਾਬ ਦੇਣਾ ਪਵੇਗਾ।

ਉਨ੍ਹਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੇ ਮੁਕੱਦਮਾ ਅਦਾਲਤ ਨੂੰ ਹਦਾਇਤ ਕੀਤੀ ਹੈ ਕਿ ਉਦੋਂ ਤੱਕ ਕੰਚਨਪ੍ਰੀਤ ਦਾ ਰਿਮਾਂਡ ਨਾ ਦਿੱਤਾ ਜਾਵੇ ਜਦੋਂ ਤੱਕ ਕੰਚਨਪ੍ਰੀਤ ਦੇ ਵਕੀਲ ਅਦਾਲਤ ਵਿਚ ਨਹੀਂ ਪਹੁੰਚ ਜਾਂਦੇ। ਉਨ੍ਹਾਂ ਕਿਹਾ ਕਿ ਇਸ ਮਗਰੋਂ ਹੀ ਮੁਕੱਦਮਾ ਅਦਾਲਤ ਇਹ ਫ਼ੈਸਲਾ ਕਰੇਗੀ ਕਿ ਕੀ ਜ਼ਮਾਨਤਯੋਗ ਐੱਫ. ਆਈ. ਆਰ. ਵਿਚ ਜੋੜੀ ਗਈ ਗ਼ੈਰ-ਜ਼ਮਾਨਤਯੋਗ ਧਾਰਾ ਸਹੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਝੂਠੇ ਦੋਸ਼ਾਂ ਹੇਠ ਇਕ ਨੌਜਵਾਨ ਮਹਿਲਾ ਆਗੂ ਨੂੰ ਨਿਸ਼ਾਨਾ ਬਣਾ ਕੇ ਸਰਕਾਰ ਨੇ ਦਰਸਾ ਦਿੱਤਾ ਹੈ ਕਿ ਇਹ ਪੰਜਾਬ ਦੀਆਂ ਧੀਆਂ ਜਾਂ ਕਾਨੂੰਨ ਦਾ ਸਤਿਕਾਰ ਨਹੀਂ ਕਰਦੀ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਾਰੀਆਂ ਲੋਕਤੰਤਰੀ, ਸਮਾਜਿਕ ਤੇ ਮਹਿਲਾ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਸੱਤਾ ਦੀ ਘਿਨੌਣੀ ਦੁਰਵਰਤੋਂ ਦੀ ਨਿਖੇਧੀ ਕਰਨ। ਉਨ੍ਹਾਂ ਕਿਹਾ ਕਿ ਇਸ ਗੁਨਾਹ ਨੂੰ ਸ਼ੁਰੂਆਤ ’ਚ ਹੀ ਨੱਪ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਗੁਰੂਆਂ-ਪੀਰਾਂ ਦੀ ਧਰਤੀ ’ਤੇ ਅਜਿਹੇ ਗ਼ੈਰ-ਸੰਵਿਧਾਨਕ ਕਾਰਜ ਨਹੀਂ ਹੋਣ ਦਿੱਤੇ ਜਾ ਸਕਦੇ।

Read More : ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲੱਗੀ ਕਈ ਵੱਡੇ ਫੈਸਲਿਆਂ ‘ਤੇ ਮੋਹਰ

Leave a Reply

Your email address will not be published. Required fields are marked *