ਬਠਿੰਡਾ, 27 ਅਕਤੂਬਰ : ਚਾਰ ਮਹੀਨੇ ਪਹਿਲਾਂ ਬਠਿੰਡਾ ’ਚ ਡਿਜੀਟਲ ਕੰਟੈਂਟ ਕ੍ਰੀਏਟਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਕੇਸ ’ਚ ਲੋੜੀਂਦੇ ਸਿੱਖ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਲੈ ਕੇ ਪੰਜਾਬ ਪੁਲਸ ਇੰਟਰਪੋਲ ਨਾਲ ਲਗਾਤਾਰ ਸੰਪਰਕ ’ਚ ਹੈ, ਜੋ ਸੂਤਰਾਂ ਅਨੁਸਾਰ ਯੂ. ਏ. ਈ. ’ਚ ਲੁਕਿਆ ਹੋਇਆ ਹੈ।
ਬਠਿੰਡਾ ਜ਼ਿਲਾ ਪੁਲਸ ਨੇ 20 ਜੂਨ ਨੂੰ ਇੰਟਰਪੋਲ ਰਾਹੀਂ ਬਲੂ ਨੋਟਿਸ ਜਾਰੀ ਕਰਨ ਲਈ ਇਕ ਪ੍ਰੋਫਾਰਮਾ ਦਾਇਰ ਕੀਤਾ ਸੀ ਤਾਂ ਕਿ ਮਹਿਰੋਂ ਦੀਆਂ ਸਰਗਰਮੀਆਂ ਦਾ ਪਤਾ ਲਾ ਕੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਅਮਨੀਤ ਕੌਂਡਲ ਨੇ ਦੱਸਿਆ ਕਿ ਹੁਣ ਤੱਕ ਇੰਟਰਪੋਲ ਤੋਂ ਕੋਈ ਰਸਮੀ ਪੱਤਰ ਪ੍ਰਾਪਤ ਨਹੀਂ ਹੋਇਆ ਹੈ। ਸੂਬਾ ਪੁਲਸ ਦਾ ਜਾਂਚ ਬਿਊਰੋ ਇੰਟਰਪੋਲ ਨਾਲ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਸਾਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਅਸੀਂ ਲਗਾਤਾਰ ਸੰਪਰਕ ਵਿਚ ਹਾਂ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਚਨ ਦੇ ਕਤਲ ਦੇ ਕੁਝ ਘੰਟਿਆਂ ਅੰਦਰ ਮਹਿਰੋਂ ਸੜਕ ਰਾਹੀਂ ਅੰਮ੍ਰਿਤਸਰ ਪਹੁੰਚਿਆ ਅਤੇ ਇਕ ਵੈਧ ਪਾਸਪੋਰਟ ਅਤੇ ਵੀਜ਼ਾ ਦੀ ਵਰਤੋਂ ਕਰ ਕੇ ਦੁਬਈ ਚਲਾ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮਹਿਰੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ, ਜਿਸ ’ਚ ਉਸ ਨੇ ਕਥਿਤ ਤੌਰ ’ਤੇ ਭੜਕਾਊ ਬਿਆਨ ਦਿੱਤੇ ਸਨ।
ਇਸ ਤੋਂ ਬਾਅਦ ਭਾਰਤ ’ਚ ਉਸ ਦੇ ਸੋਸ਼ਲ ਮੀਡੀਆ ਖਾਤੇ ਬਲਾਕ ਕਰ ਦਿੱਤੇ ਗਏ ਸਨ। ਪੰਜਾਬ ਪੁਲਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਾਮਲੇ ਵਿਚ ਸਕਾਰਾਤਮਕ ਪ੍ਰਗਤੀ ਹੋਵੇਗੀ।
Read More : ਝੋਨੇ ਦੀ ਟਰਾਲੀ ਲਾਹੁਣ ਮੌਕੇ ਕਿਸਾਨਾਂ ’ਚ ਹੱਥੋਪਾਈ, ਇਕ ਦੀ ਮੌਤ
