ਮੌਜੂਦਾ ਚੀਫ਼ ਜਸਟਿਸ ਗਵਈ ਨੇ ਕੀਤੀ ਸਿਫਾਰਸ਼
ਨਵੀਂ ਦਿੱਲੀ, 27 ਅਕਤੂਬਰ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਜਸਟਿਸ ਸੂਰਿਆਕਾਂਤ ਨੂੰ ਨਵਾਂ ਚੀਫ਼ ਜਸਟਿਸ ਨਿਯੁਕਤ ਕਰਨ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ।
ਗਵਈ ਤੋਂ ਬਾਅਦ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਸੂਰਿਆਕਾਂਤ ਵੱਲੋਂ 24 ਨਵੰਬਰ ਨੂੰ 53ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣ ਦੀ ਉਮੀਦ ਹੈ। ਮੌਜੂਦਾ ਚੀਫ਼ ਜਸਟਿਸ ਗਵਈ 23 ਨਵੰਬਰ ਨੂੰ ਸੇਵਾਮੁਕਤ ਹੋਣਗੇ।
ਸੂਤਰਾਂ ਅਨੁਸਾਰ ਜਸਟਿਸ ਗਵਈ ਜਿਨ੍ਹਾਂ ਇਸ ਸਾਲ 14 ਮਈ ਨੂੰ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ, ਨੇ ਅਗਲੇ ਚੀਫ਼ ਜਸਟਿਸ ਵਜੋਂ ਕੇਂਦਰੀ ਕਾਨੂੰਨ ਮੰਤਰਾਲਾ ਨੂੰ ਜਸਟਿਸ ਸੂਰਿਆਕਾਂਤ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ। ਜਸਟਿਸ ਸੂਰਿਆ ਕਾਂਤ ਨੂੰ 24 ਮਈ, 2019 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ। ਉਹ ਚੀਫ਼ ਜਸਟਿਸ ਵਜੋਂ ਲਗਭਗ 15 ਮਹੀਨਿਆਂ ਦਾ ਕਾਰਜਕਾਲ ਨਿਭਾਉਣਗੇ ਤੇ 9 ਫਰਵਰੀ, 2027 ਨੂੰ ਸੇਵਾਮੁਕਤ ਹੋਣਗੇ। ਸੁਪਰੀਮ ਕੋਰਟ ਦੇ ਜੱਜਾਂ ਲਈ ਸੇਵਾਮੁਕਤੀ ਦੀ ਉਮਰ 65 ਸਾਲ ਹੈ।
ਜਸਟਿਸ ਸੂਰਿਆਕਾਂਤ ਦਾ ਜਨਮ 10 ਫਰਵਰੀ, 1962 ਨੂੰ ਹਰਿਆਣਾ ਦੇ ਹਿਸਾਰ ਜ਼ਿਲੇ ਦੇ ਇਕ ਮੱਧ ਵਰਗੀ ਪਰਿਵਾਰ ’ਚ ਹੋਇਆ ਸੀ। ਉਹ ਦੇਸ਼ ਦੇ ਸਿਖਰਲੇ ਜੁਡੀਸ਼ੀਅਲ ਅਹੁਦੇ ਨੂੰ ਸੰਭਾਲਣਗੇ। ਉਨ੍ਹਾਂ ਨੂੰ ਜੱਜ ਵਜੋਂ ਸੇਵਾਵਾਂ ਦੇਣ ਦਾ ਲੱਗਭਗ 20 ਸਾਲ ਦਾ ਤਜਰਬਾ ਹੈ। ਇਸ ਦੌਰਾਨ ਧਾਰਾ 370 ਨੂੰ ਰੱਦ ਕਰਨ, ਪ੍ਰਗਟਾਵੇ ਦੀ ਆਜ਼ਾਦੀ, ਲੋਕਤੰਤਰ, ਭ੍ਰਿਸ਼ਟਾਚਾਰ, ਵਾਤਾਵਰਣ ਤੇ ਲਿੰਗ ਬਰਾਬਰੀ ਨਾਲ ਸਬੰਧਤ ਕਈ ਇਤਿਹਾਸਕ ਫੈਸਲੇ ਉਨ੍ਹਾਂ ਕੀਤੇ।
ਜਸਟਿਸ ਸੂਰਿਆਕਾਂਤ ਉਸ ਬੈਂਚ ਦਾ ਹਿੱਸਾ ਸਨ ਜਿਸ ਨੇ ਬਸਤੀਵਾਦੀ ਯੁੱਗ ਦੇ ਦੇਸ਼ਧ੍ਰੋਹ ਕਾਨੂੰਨ ’ਤੇ ਰੋਕ ਲਾਈ ਸੀ ਤੇ ਨਿਰਦੇਸ਼ ਦਿੱਤਾ ਸੀ ਕਿ ਜਦੋਂ ਤੱਕ ਸਰਕਾਰ ਇਸ ਦੀ ਸਮੀਖਿਆ ਨਹੀਂ ਕਰਦੀ, ਉਦੋਂ ਤੱਕ ਇਸ ਅਧੀਨ ਕੋਈ ਨਵੀਂ ਐੱਫ. ਆਈ. ਆਰ. ਦਰਜ ਨਾ ਕੀਤੀ ਜਾਵੇ।
Read More : ਜਲੰਧਰ ਵਿਚ ਪਾਵਰਕਾਮ ਨੇ ਲੋਕਾਂ ਨੂੰ ਘਰ ਢਾਹੁਣ ਲਈ 24 ਘੰਟੇ ਦਾ ਦਿੱਤਾ ਸਮਾਂ
