ਜਲੰਧਰ ਦੇ ਹਸਪਤਾਲ ਵਿਚ ਇਲਾਜ ਜਾਰੀ, ਪੁਲਿਸ ਵੱਲੋਂ ਮਾਮਲਾ ਦਰਜ।
ਕਪੂਰਥਲਾ, 13 ਫਰਵਰੀ : ਕਪੂਰਥਲਾ ਦੀ ਮੰਗੀ ਕਲੋਨੀ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਚਿੰਤਾ ਵਿੱਚ ਬਦਲ ਗਈਆਂ, ਜਦੋਂ ਇੱਕ “ਜਾਗੋ” ਸਮਾਰੋਹ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ, ਵਿਆਹ ਤੋਂ ਇੱਕ ਰਾਤ ਪਹਿਲਾਂ ਸਮਾਗਮ ਵਿੱਚ ਨੱਚਣ-ਗਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਇੱਕ ਵਿਅਕਤੀ ਨੇ ਆਪਣੀ ਸ਼ਾਨ ਦਿਖਾਉਣ ਲਈ ਲਾਇਸੰਸੀ ਹਥਿਆਰ ਨਾਲ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ।
ਚਸ਼ਮਦੀਦਾਂ ਮੁਤਾਬਕ ਚਲਾਈ ਗਈ ਗੋਲੀ ਸਿੱਧੀ ਇੱਕ ਨੌਜਵਾਨ ਦੀ ਛਾਤੀ ਵਿੱਚ ਜਾ ਲੱਗੀ, ਜਿਸ ਨਾਲ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਜ਼ਖਮੀ ਨੌਜਵਾਨ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਫਿਲਹਾਲ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੱਚਾਈ ਸਾਹਮਣੇ ਲਿਆਉਣ ਲਈ ਸਮਾਰੋਹ ਦੀ ਵੀਡੀਓਗ੍ਰਾਫੀ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਵਿਆਹਾਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਫਾਇਰਿੰਗ ਕਰਨਾ ਗੈਰ-ਕਾਨੂੰਨੀ ਹੈ।
Read More : ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਪੀ.ਐਮ.ਓ. ‘ਸੇਵਾ ਤੀਰਥ’ ਦਾ ਕੀਤਾ ਉਦਘਾਟਨ
