ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਗੁਰਦਾਸਪੁਰ, 2 ਜਨਵਰੀ : ਗੁਰਦਾਸਪੁਰ ਦੇ ਝੂਲਣਾ ਮਹਿਲ ਇਲਾਕੇ ’ਚ ਚੋਰਾਂ ਨੇ ਇਕ ਸੁਨਿਆਰੇ ਦੇ ਘਰ ’ਚ ਪਈ ਲੋਹੇ ਦੀ ਸੇਫ਼ ਨੂੰ ਕੱਟ ਕੇ ਉਸ ’ਚ ਮੌਜੂਦ ਸੋਨੇ-ਚਾਂਦੀ ਦੇ ਕੀਮਤੀ ਗਹਿਣੇ ਅਤੇ ਵੱਡੀ ਮਾਤਰਾ ’ਚ ਨਕਦੀ ਉਡਾ ਲਈ।
ਇਸ ਸਬੰਧੀ ਪੀੜਤ ਰਾਜੇਸ਼ ਕੁਮਾਰ ਵਾਸੀ ਝੂਲਣਾ ਮਹਿਲ ਨੇ ਦੱਸਿਆ ਕਿ ਉਸ ਦੀ ਦੁਕਾਨ ‘ਸਿਆਲਕੋਟੀ ਜਿਊਲਰੀ’ ’ਚ ਰਿਪੇਅਰ ਦਾ ਕੰਮ ਚੱਲ ਰਿਹਾ ਸੀ, ਜਿਸ ਕਰ ਕੇ ਉਸ ਨੇ ਜ਼ਿਆਦਾਤਰ ਸੋਨੇ ਤੇ ਚਾਂਦੀ ਦੇ ਗਹਿਣਿਆਂ ਦਾ ਸਟਾਕ ਘਰ ’ਚ ਹੀ ਰੱਖਿਆ ਸੀ। ਉਹ ਕਿਸੇ ਕੰਮ ਲਈ ਪਰਿਵਾਰ ਸਮੇਤ ਜਲੰਧਰ ਗਏ ਹੋਏ ਸਨ ਤਾਂ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਘਰ ਦੇ ਤਾਲੇ ਟੁੱਟੇ ਹੋਏ ਹਨ, ਜਿਸ ਤੋਂ ਤੁਰੰਤ ਬਾਅਦ ਉਹ ਜਲੰਧਰ ਤੋਂ ਵਾਪਸ ਘਰ ਆਏ। ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਘਰ ’ਚ ਪਏ ਲੋਹੇ ਦੇ ਸੇਫ਼ ਨੂੰ ਕੱਟ ਕੇ ਚੋਰਾਂ ਨੇ ਕਰੀਬ 4 ਲੱਖ 50 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਸਾਰੇ ਗਹਿਣੇ ਚੋਰੀ ਕਰ ਲਏ ਸਨ।
ਉਨ੍ਹਾਂ ਦੱਸਿਆ ਕਿ ਚੋਰ ਗਹਿਣਿਆ ਦੇ ਨਾਲ-ਨਾਲ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਆਪਣੇ ਨਾਲ ਹੀ ਪੁੱਟ ਕੇ ਲੈ ਗਏ। ਪੀੜਤ ਅਨੁਸਾਰ ਇਸ ਚੋਰੀ ਕਾਰਨ ਉਨ੍ਹਾਂ ਦਾ ਇਕ ਕਰੋੜ ਰੁਪਏ ਤੋਂ ਵੱਧ ਦਾ ਮਾਲੀ ਨੁਕਸਾਨ ਹੋਇਆ ਹੈ।
ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਅਧਿਕਾਰੀ ਫਿੰਗਰ ਪ੍ਰਿੰਟ ਮਾਹਿਰਾਂ ਅਤੇ ਡਾਗ ਸਕੁਐਡ ਦੀਆਂ ਟੀਮਾਂ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਵੱਲੋਂ ਇਲਾਕੇ ’ਚ ਲੱਗੇ ਹੋਰਨਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਜਾਂਚ ਦੌਰਾਨ ਇਕ ਸ਼ੱਕੀ ਵਿਅਕਤੀ ਦੀ ਤਸਵੀਰ ਕੈਮਰੇ ’ਚ ਕੈਦ ਹੋਈ ਹੈ, ਜਿਸ ਨੂੰ ਆਧਾਰ ਬਣਾ ਕੇ ਪੁਲਸ ਛਾਪੇਮਾਰੀ ਕਰ ਰਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਚੋਰਾਂ ਨੂੰ ਪਰਿਵਾਰ ਦੇ ਬਾਹਰ ਜਾਣ ਬਾਰੇ ਪੂਰੀ ਜਾਣਕਾਰੀ ਸੀ, ਜਿਸ ਦਾ ਫਾਇਦਾ ਉਠਾ ਕੇ ਉਨ੍ਹਾਂ ਨੇ ਦਿਨ ਵੇਲੇ ਹੀ ਇਸ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਪੁਲਸ ਵੱਲੋਂ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।
Read More : ਮੰਤਰੀ ਚੰਦਰਨਾਥ ਦੀ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤ
