ਅੰਮ੍ਰਿਤਸਰ, 11 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਦੱਖਣੀ ਹਿੱਸੇ ਵਿਚ ਰਹਿਣ ਵਾਲੇ ਅੱਯਾਵਲੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਇਨ੍ਹਾਂ ਬਾਰੇ ਤਜਰਬੇ ਤੇ ਜਾਣਕਾਰੀ ਹਾਸਲ ਕਰਨ ਲਈ ਕੰਨਿਆਕੁਮਾਰੀ ਸਥਿਤ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਅੱਯਾਵਲੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਬਾਲਾ ਪ੍ਰਜਾਪਤੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਥਾਨਕ ਰਵਾਇਤੀ ਮਾਲਾ ਨਾਲ ਸਨਮਾਨਿਤ ਕੀਤਾ।
ਜਥੇਦਾਰ ਗੜਗੱਜ ਨੇ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਅੱਯਾਵਲੀ ਦੇ ਸੰਸਥਾਪਕ ਅਯਾ ਵਾਏਕੁੰਡਰ ਦੇ ਅਸਲ ਘਰ ਤੋਂ ਇਲਾਵਾ ਇੱਥੇ ਸੁਰੱਖਿਅਤ ਰੱਖੀਆਂ ਤਾੜ ਦੇ ਪੱਤਿਆਂ ’ਤੇ ਤਾਮਿਲ ਭਾਸ਼ਾ ਵਿਚ ਲਿਖੀਆਂ ਪੁਰਾਤਨ ਹੱਥ-ਲਿਖਤਾਂ ਵੀ ਦੇਖੀਆਂ। ਜਥੇਦਾਰ ਗੜਗੱਜ ਨੇ ਭਾਈਚਾਰੇ ਦਾ ਖੂਹ ਦੇਖਿਆ ਅਤੇ ਉੱਥੋਂ ਜਲ ਵੀ ਛਕਿਆ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਕੰਨਿਆਕੁਮਾਰੀ ਦੇ ਸਵਾਮੀਥੋਪੂ ਵਿਚ ਅੱਯਾਵਲ਼ੀ ਦੇ ਮੁੱਖ ਅਸਥਾਨ ਵਿਖੇ ਆਏ ਹਨ, ਜਿੱਥੇ ਉਨ੍ਹਾਂ ਨੇ ਅੱਯਾਵਲ਼ੀ ਭਾਈਚਾਰੇ ਦੇ ਮੌਜੂਦਾ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ।
ਬਾਲਾ ਪ੍ਰਜਾਪਤੀ ਆਪਣੇ ਪੁਰਖਿਆਂ ਦੀ ਛੇਵੀਂ ਪੀੜ੍ਹੀ ਹਨ, ਜਿਨ੍ਹਾਂ ਨੇ ਜਾਤ-ਪਾਤ, ਭੇਦਭਾਵ, ਛੂਤ-ਛਾਤ ਤੇ ਅਣਦੇਖੀ ਵਿਰੁੱਧ ਉਦੋਂ ਅਾਵਾਜ਼ ਬੁਲੰਦ ਕੀਤੀ, ਜਦੋਂ ਇੱਥੇ ਸਥਿਤੀ ਬਹੁਤ ਹੀ ਗੰਭੀਰ ਤੇ ਅੱਤਿਆਚਾਰ ਵਾਲੀ ਸੀ।
ਉਨ੍ਹਾਂ ਮਹਿਸੂਸ ਕੀਤਾ ਕਿ ਇੱਥੇ ਇਸ ਭਾਈਚਾਰੇ ਨਾਲ ਸਾਡੀਆਂ ਬਹੁਤ ਸਾਰੀਆਂ ਸਮਾਨਤਾਵਾਂ ਹਨ, ਇਹ ਦਸਤਾਰ ਸਜਾਉਂਦੇ ਹਨ ਅਤੇ ਕੇਸ ਕਤਲ ਨਹੀਂ ਕਰਦੇ, ਇਹ ਬਿਨਾਂ ਕਿਸੇ ਭੇਦਭਾਵ ਦੇ ਇਕ ਖੂਹ ਦੇ ਜਲ ਨਾਲ ਇਸ਼ਨਾਨ ਕਰਦੇ ਹਨ, ਇਹ ਜਾਤ, ਧਰਮ, ਰੰਗ ਜਾਂ ਵਰਗ ਦੇ ਅਾਧਾਰ ’ਤੇ ਵਿਤਕਰਾ ਨਹੀਂ ਕਰਦੇ ਅਤੇ ਇਹ ਸਾਰਿਆਂ ਨੂੰ ਪਿਆਰ ਵੀ ਕਰਦੇ ਹਨ।
Read More : ਏਸ਼ੀਆ ਕੱਪ-2025 ਵਿਚ ਭਾਰਤ ਦੀ ਜੇਤੂ ਸ਼ੁਰੂਆਤ