3 ਮਹੀਨੇ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਵਿਦੇਸ਼; ਖ਼ਰਾਬ ਟਰਾਲਾ ਠੀਕ ਕਰਦੇ ਸਮੇਂ ਹੋਇਆ ਹਾਦਸਾ
ਊਨਾ, 30 ਮਾਰਚ : ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਮਜਾਰਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰੁਜ਼ਗਾਰ ਦੀ ਭਾਲ ਵਿਚ ਦੁਬਈ ਗਏ ਪਿੰਡ ਮਜਾਰਾ ਦੇ ਨਿਵਾਸੀ ਜਸਵਿੰਦਰ ਸਿੰਘ ਉਰਫ਼ ਸ਼ਾਮੀਂ ਦੀ ਇਕ ਡਰੋਨ ਹਮਲੇ ਵਿਚ ਮੌਤ ਹੋ ਗਈ ਹੈ। ਅੱਜ ਜਿਵੇਂ ਹੀ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਤਾਂ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ।
ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਮਹਿਜ਼ ਤਿੰਨ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ, ਜਿੱਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਗੱਡੀ ਵਿੱਚ ਕੋਈ ਤਕਨੀਕੀ ਖ਼ਰਾਬੀ ਆਉਣ ਕਾਰਨ ਉਸਨੂੰ ਆਪਣਾ ਟਰਾਲਾ ਰੋਕਣਾ ਪਿਆ। ਇਸੇ ਦੌਰਾਨ ਹੋਏ ਇੱਕ ਅਚਾਨਕ ਡਰੋਨ ਹਮਲੇ ਦੀ ਲਪੇਟ ਵਿੱਚ ਆਉਣ ਕਾਰਨ ਉਸਦੀ ਜਾਨ ਚਲੀ ਗਈ।
ਜਸਵਿੰਦਰ ਸਿੰਘ ਆਪਣੇ ਪਿੱਛੇ ਬਿਰਧ ਮਾਤਾ, ਪਤਨੀ, ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਏ ਹਨ। ਅੱਜ ਬਹੁਤ ਹੀ ਗਮਗੀਨ ਮਾਹੌਲ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰਾ ਪਿੰਡ ਇਸ ਦੁਖਾਂਤ ਕਾਰਨ ਸਦਮੇ ਵਿੱਚ ਹੈ।
Read More : ਏਐਸਆਈ 15,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
