ਧਾਰਮਿਕ ਬੇਅਦਬੀ ਨਾਲ ਜੁੜੀ ਵੀਡੀਓ ਦੀ ਫੋਰੈਂਸਿਕ ਜਾਂਚ ਦੀ ਮੰਗ
ਚੰਡੀਗੜ੍ਹ, 11 ਜਨਵਰੀ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਨਾਲ ਮਿਲਦੇ-ਜੁਲਦੇ ਵਿਅਕਤੀ ਦੀ ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ਦੀ ਫਾਰੈਂਸਿਕ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਡੀ.ਜੀ.ਪੀ. ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ।
ਉਨ੍ਹਾਂ ਕਿਹਾ ਕਿ ਜੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਸਬੰਧਤ ਵੀਡੀਓ ਦੀ ਜਾਂਚ ਪੰਜਾਬ ਪੁਲਸ ਇਕ ਦਿਨ ’ਚ ਕਰ ਸਕਦੀ ਹੈ ਤਾਂ ਧਾਰਮਿਕ ਬੇਅਦਬੀ ਨਾਲ ਜੁੜੀ ਇਸ ਵੀਡੀਓ ਦੀ ਸੱਚਾਈ ਜਾਂ ਝੂਠ ਦੀ ਜਾਂਚ ਵੀ ਇਕ ਦਿਨ ’ਚ ਕੀਤੀ ਜਾ ਸਕਦੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਇਕ ਸੰਵੇਦਨਸ਼ੀਲ ਸੂਬਾ ਹੈ ਅਤੇ ਇਸ ਤਰ੍ਹਾਂ ਦੀ ਵੀਡੀਓ ਰਾਜ ’ਚ ਵੱਡੀ ਅਸ਼ਾਂਤੀ ਪੈਦਾ ਕਰ ਸਕਦੀ ਹੈ। ਇਸ ਲਈ ਇਸ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਕਾਰਨ ਉਨ੍ਹਾਂ ਨੇ ਡੀ.ਜੀ.ਪੀ. ਨੂੰ ਚਿੱਠੀ ਲਿਖ ਕੇ ਤੁਰੰਤ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਇਹ ਸਪੱਸ਼ਟ ਕੀਤਾ ਜਾ ਸਕੇ ਕਿ ਵੀਡੀਓ ’ਚ ਦਿਖਾਇਆ ਗਿਆ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਹੈ ਜਾਂ ਇਹ ਫ਼ਰਜ਼ੀ ਵੀਡੀਓ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਤੋਂ ਪਹਿਲਾਂ ਇਸ ਵੀਡੀਓ ਦੀ ਨਿਰਪੱਖ ਫਾਰੈਸਿਕ ਜਾਂਚ ਰਿਪੋਰਟ ਹਾਸਲ ਕਰਨ ਤਾਂ ਜੋ ਇਸ ਮਾਮਲੇ ਸਬੰਧੀ ਸਥਿਤੀ ਸਪੱਸ਼ਟ ਹੋ ਸਕੇ।
ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਭਾਜਪਾ ਦੀ ਸਟੇਟ ਕੋਰ ਕਮੇਟੀ ਵੱਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਾਜ ’ਚ ਖ਼ਰਾਬ ਹੋ ਰਹੀ ਕਾਨੂੰਨ–ਵਿਵਸਥਾ ਅਤੇ ਵਧ ਰਹੇ ਗੈਂਗਸਟਰਵਾਦ ਬਾਰੇ ਮੁੱਖ ਮੰਤਰੀ ਤੋਂ ਸਵਾਲ ਪੁੱਛੇ ਜਾਣਗੇ ਤੇ ਨਾਲ ਹੀ ਇਸ ਵੀਡੀਓ ਸਬੰਧੀ ਵੀ ਉਨ੍ਹਾਂ ਤੋਂ ਜਵਾਬ ਮੰਗਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜੇ ਇਹ ਵੀਡੀਓ ਝੂਠੀ ਸਾਬਤ ਹੁੰਦੀ ਹੈ ਤਾਂ ਸਰਕਾਰ ਨੂੰ ਤੱਥਾਂ ਦੇ ਆਧਾਰ ’ਤੇ ਆਪਣਾ ਸਪੱਸ਼ਟੀਕਰਨ ਜਾਰੀ ਕਰਨਾ ਚਾਹੀਦਾ ਹੈ ਤੇ ਜੇਕਰ ਵੀਡੀਓ ਸੱਚੀ ਪਾਈ ਜਾਂਦੀ ਹੈ ਤਾਂ ਭਗਵੰਤ ਮਾਨ ਕੋਲ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਆਧਾਰ ਨਹੀਂ ਰਹਿੰਦਾ।
Read More : ਕੇਰਲ ਦੀ ਸੱਤਾ ਲਈ ਫਿਕਸਿੰਗ ਕਰਦੇ ਹਨ ਖੱਬੇਪੱਖੀ-ਕਾਂਗਰਸ : ਅਮਿਤ ਸ਼ਾਹ
