ਕਿਹਾ-ਸਿਆਸਤਦਾਨਾਂ ਨੇ ਆਪਣੇ ਆਗੂਆਂ ਦੀਆਂ ਯਾਦਗਾਰਾਂ ਬਣਾਈਆਂ ਪਰ ਸ਼ਹੀਦਾਂ ਨੂੰ ਵਿਸਾਰਿਆ
ਮੁੱਖ ਮੰਤਰੀ ਵੱਲੋਂ ਹੁਸੈਨੀਵਾਲਾ ਵਿਖੇ 24.99 ਕਰੋੜ ਦੇ ‘ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ
ਫਿਰੋਜ਼ਪੁਰ, 24 ਮਾਰਚ : ਜ਼ਿਲਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਦੇ ਸਨਮਾਨ ਵਜੋਂ ਉਨ੍ਹਾਂ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਇੱਥੇ ਇਤਿਹਾਸਕ ਕੌਮੀ ਸ਼ਹੀਦ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ 24.99 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ।
ਦੇਸ਼ ਦੇ ਮਹਾਨ ਇਨਕਲਾਬੀਆਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾ ਸਿਰਫ਼ ਉਨ੍ਹਾਂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਨਹੀਂ, ਸਗੋਂ ਉਨ੍ਹਾਂ ਦੇ ਆਦਰਸ਼ਾਂ ਅਤੇ ਬੇਇਨਸਾਫ਼ੀ ਵਿਰੁੱਧ ਆਢਾ ਲੈਣ ਵਾਲੇ ਦ੍ਰਿੜ ਇਰਾਦਿਆਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਹੈ।
ਉਨ੍ਹਾਂ ਨੇ ਸ਼ਹੀਦਾਂ ਦੀ ਮਹਾਨ ਸੋਚ ਅਨੁਸਾਰ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ ਅਤੇ ਨਾਲ ਹੀ ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਹਾਲੇ ਤੱਕ ਭਾਰਤ ਰਤਨ (ਸਭ ਤੋਂ ਉੱਚੇ ਸਨਮਾਨ) ਨਾ ਦਿੱਤੇ ਜਾਣ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਜੇਕਰ ਦੇਸ਼ ਦੀ ਵਾਗਡੋਰ ਅਜਿਹੇ ਦਲੇਰ, ਨੌਜਵਾਨਾਂ ਦੇ ਹੱਥ ਹੁੰਦੀ ਤਾਂ ਭਾਰਤ ਦਾ ਚਿਹਰਾ-ਮੋਹਰਾ ਹੋਰ ਹੀ ਹੁੰਦਾ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਇਸ ਦੇਸ਼ ਦੇ ਲਾਲਚੀ ਤੇ ਸਵਾਰਥੀ ਆਗੂਆਂ ਨੇ ਜਿਉਂਦੇ ਜੀਅ ਆਪਣੇ ਨਾਵਾਂ ’ਤੇ ਸਟੇਡੀਅਮ ਬਣਾਏ ਹਨ, ਪਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਸੱਚੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਲਈ ਹਾਲੇ ਤੱਕ ਕੋਈ ਵੀ ਮੂਹਰੇ ਨਹੀਂ ਆਇਆ।” ਮੁੱਖ ਮੰਤਰੀ ਨੇ ਕਿਹਾ, “ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਨੇ ਛੋਟੀ ਉਮਰ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਆਜ਼ਾਦੀ ਤੋਂ ਬਾਅਦ ਕੁਰਸੀ ਦੇ ਲੋਭੀਆਂ ਨੇ ਸੱਤਾ ’ਤੇ ਕਬਜ਼ਾ ਕਰ ਲਿਆ ਅਤੇ ਲਹੂ ਡੋਲ੍ਹ ਕੇ ਹਾਸਲ ਕੀਤੀ ਉਸ ਆਜ਼ਾਦੀ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ।”
ਮਹਿੰਗੇ ਮੁੱਲ ਮਿਲੀ ਆਜ਼ਾਦੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੰਡ ਦੌਰਾਨ ਲਗਭਗ 10 ਲੱਖ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਉਨ੍ਹਾਂ ਕਿਹਾ ਕਿ ਕੁਝ ਨੇਤਾ ਹੁਣ ਦਾਅਵਾ ਕਰਦੇ ਹਨ ਕਿ ਭਾਰਤ ਨੂੰ ਸੱਚੀ ਆਜ਼ਾਦੀ ਸਿਰਫ਼ 2014 ਵਿੱਚ ਮਿਲੀ ਹੈ, ਜੋ ਕਿ ਸਾਡੇ ਸ਼ਹੀਦਾਂ ਦਾ ਘੋਰ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੁਝ ਲੋਕ ਸ਼ਹੀਦ ਭਗਤ ਸਿੰਘ ਨੂੰ ਸਿਰਫ਼ ਇੱਕ ‘ਸਮਾਜ ਸੇਵਕ’ ਵਜੋਂ ਪੇਸ਼ ਕਰਦੇ ਹਨ, ਸ਼ਹੀਦ ਨਹੀਂ ਮੰਨਦੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਨੂੰ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਲਈ ਵੀ ਕੇਂਦਰ ਨਾਲ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ 1952 ਦੀਆਂ ਪਹਿਲੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਜਾਂਦੇ, ਤਾਂ ਅੱਜ ਦੇਸ਼ ਦਾ ਨਕਸ਼ਾ ਪੂਰੀ ਤਰ੍ਹਾਂ ਵੱਖਰਾ ਹੋਣਾ ਸੀ।
ਲੋਕਾਂ ਨੂੰ ਵੋਟ ਦੀ ਸ਼ਕਤੀ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਪ੍ਰੋਜੈਕਟ ਸਾਡੇ ਮਹਾਨ ਸ਼ਹੀਦਾਂ ਦਾ ਸਨਮਾਨ ਕਰਨ ਦਾ ਇੱਕ ਯਤਨ ਹੈ। ਇਸ ਕੰਪਲੈਕਸ ਵਿੱਚ ਇੱਕ ਸ਼ਾਨਦਾਰ ਪ੍ਰਵੇਸ਼ ਦੁਆਰ, ਸ਼ਹੀਦਾਂ ਦੇ ਜੀਵਨ ਨੂੰ ਸਮਰਪਿਤ ਗਲਿਆਰਾ, 3-ਡੀ ਮੈਪਿੰਗ ਸ਼ੋਅ, ਸੰਗੀਤਕ ਫੁਹਾਰਾ ਅਤੇ ਹੋਰ ਆਧੁਨਿਕ ਸਹੂਲਤਾਂ ਸ਼ਾਮਲ ਹੋਣਗੀਆਂ।
Read More : ਐੱਮ.ਪੀ. ਸਤਨਾਮ ਸੰਧੂ ਨੇ ਰਾਜ ਸਭਾ ‘ਚ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਕੀਤੀ ਮੰਗ
