ਮੁੱਲਾਂਪੁਰ, 1 ਅਪ੍ਰੈਲ : ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਆਈ.ਪੀ.ਐਲ. ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ 3 ਵਿਕਟਾਂ ਨਾਲ ਮਾਤ ਦਿੱਤੀ। ਇਸ ਮੈਚ ਦੌਰਾਨ ਜਿੱਥੇ ਪੰਜਾਬ ਨੇ ਜਿੱਤ ਦਰਜ ਕੀਤੀ, ਉੱਥੇ ਹੀ ਕਈ ਨਵੇਂ ਰਿਕਾਰਡ ਵੀ ਬਣੇ।
ਲੈੱਗ ਸਪਿਨਰ ਯੁਜਵੇਂਦਰ ਚਾਹਲ ਆਈ.ਪੀ.ਐਲ. ਦੇ ਮੱਧ ਓਵਰਾਂ (7-15 ਓਵਰਾਂ) ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਦੀਆਂ ਅਹਿਮ ਵਿਕਟਾਂ ਲੈ ਕੇ ਇਸ ਪੜਾਅ ਵਿੱਚ ਆਪਣੀਆਂ ਕੁੱਲ ਵਿਕਟਾਂ ਦੀ ਗਿਣਤੀ 138 ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਵਿੰਦਰ ਜਡੇਜਾ (136 ਵਿਕਟਾਂ) ਦਾ ਰਿਕਾਰਡ ਤੋੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਅਰਸ਼ਦੀਪ ਸਿੰਘ ਦਾ 11 ਗੇਂਦਾਂ ਦਾ ਓਵਰ
ਦੂਜੇ ਪਾਸੇ, ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਂ ਇੱਕ ਅਣਚਾਹਿਆ ਰਿਕਾਰਡ ਦਰਜ ਹੋਇਆ। ਉਨ੍ਹਾਂ ਨੇ ਗੁਜਰਾਤ ਦੀ ਪਾਰੀ ਦੇ 20ਵੇਂ ਓਵਰ ਵਿੱਚ 4 ਵਾਈਡ ਅਤੇ 1 ਨੋ-ਬਾਲ ਸੁੱਟੀ, ਜਿਸ ਕਾਰਨ ਇੱਕ ਓਵਰ ਪੂਰਾ ਕਰਨ ਲਈ ਉਨ੍ਹਾਂ ਨੂੰ 11 ਗੇਂਦਾਂ ਸੁੱਟਣੀਆਂ ਪਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਹੰਮਦ ਸਿਰਾਜ ਅਤੇ ਹਾਰਦਿਕ ਪੰਡਿਆ ਵਰਗੇ ਗੇਂਦਬਾਜ਼ਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਕੂਪਰ ਕੌਨਲੀ ਦਾ ਧਮਾਕੇਦਾਰ ਡੈਬਿਊ
ਪੰਜਾਬ ਕਿੰਗਜ਼ ਵੱਲੋਂ ਆਪਣਾ ਪਹਿਲਾ ਮੈਚ ਖੇਡ ਰਹੇ ਕੂਪਰ ਕੌਨਲੀ ਨੇ ਰਾਸ਼ਿਦ ਖਾਨ ਦੀ ਗੇਂਦ ‘ਤੇ 103 ਮੀਟਰ ਲੰਬਾ ਛੱਕਾ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੌਨਲੀ ਨੇ ਅਜੇਤੂ ਪਾਰੀ ਖੇਡ ਕੇ ਪੰਜਾਬ ਦੀ ਜਿੱਤ ਯਕੀਨੀ ਬਣਾਈ।
ਸ਼੍ਰੇਅਸ ਅਈਅਰ ਹੋਏ ਜ਼ਖ਼ਮੀ
ਮੈਚ ਦੇ 12ਵੇਂ ਓਵਰ ਦੌਰਾਨ ਇੱਕ ਮੰਦਭਾਗੀ ਘਟਨਾ ਵਾਪਰੀ ਜਦੋਂ ਕੂਪਰ ਕੌਨਲੀ ਦਾ ਇੱਕ ਤੇਜ਼ ਸ਼ਾਟ ਸਿੱਧਾ ਕਪਤਾਨ ਸ਼੍ਰੇਅਸ ਅਈਅਰ ਦੇ ਗੁੱਟ ‘ਤੇ ਜਾ ਲੱਗਿਆ। ਅਈਅਰ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਹਨ, ਜਿਸ ਕਾਰਨ ਪੰਜਾਬ ਕਿੰਗਜ਼ ਦੀਆਂ ਚਿੰਤਾਵਾਂ ਵਧ ਸਕਦੀਆਂ ਹਨ।
Read More : ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ
