ਕੋਲਕਾਤਾ, 7 ਅਪ੍ਰੈਲ : ਕੋਲਕਾਤਾ ਦੇ ਇਤਿਹਾਸਕ ਮੈਦਾਨ ਈਡਨ ਗਾਰਡਨ ਵਿਚ ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਖੇਡਿਆ ਗਿਆ ਆਈ.ਪੀ.ਐੱਲ. ਮੈਚ ਕੁਦਰਤ ਦੀ ਮਾਰ ਕਾਰਨ ਰੱਦ ਕਰਨਾ ਪਿਆ। ਸਿਰਫ 3.4 ਓਵਰਾਂ ਦੀ ਖੇਡ ਤੋਂ ਬਾਅਦ ਪਈ ਭਾਰੀ ਬਾਰਿਸ਼ ਨੇ ਮੈਚ ਵਿੱਚ ਅਜਿਹਾ ਵਿਘਨ ਪਾਇਆ ਕਿ ਖੇਡ ਦੁਬਾਰਾ ਸ਼ੁਰੂ ਨਹੀਂ ਹੋ ਸਕੀ। ਅੰਤ ਵਿੱਚ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਨਾਲ ਸੰਤੁਸ਼ਟ ਹੋਣਾ ਪਿਆ।
ਅੰਕ ਸੂਚੀ ਦਾ ਹਾਲ: ਪੰਜਾਬ ਨੰਬਰ-1, KKR ਦਾ ਖੁੱਲ੍ਹਿਆ ਖਾਤਾ
ਇਸ ਮੈਚ ਤੋਂ ਮਿਲੇ ਇੱਕ ਅੰਕ ਨਾਲ ਪੰਜਾਬ ਕਿੰਗਜ਼ ਨੂੰ ਵੱਡਾ ਫਾਇਦਾ ਹੋਇਆ ਹੈ। ਪੰਜਾਬ ਦੀ ਟੀਮ ਹੁਣ ਤਿੰਨ ਮੈਚਾਂ ਵਿੱਚ ਪੰਜ ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ, ਆਪਣੇ ਪਹਿਲੇ ਦੋਵੇਂ ਮੈਚ ਹਾਰ ਚੁੱਕੀ ਕੋਲਕਾਤਾ ਨਾਈਟ ਰਾਈਡਰਜ਼ ਲਈ ਵੀ ਇਹ ਅੰਕ ਰਾਹਤ ਭਰਿਆ ਰਿਹਾ, ਕਿਉਂਕਿ ਇਸ ਸੀਜ਼ਨ ਵਿੱਚ ਉਨ੍ਹਾਂ ਦੇ ਅੰਕਾਂ ਦਾ ਖਾਤਾ ਹੁਣ ਖੁੱਲ੍ਹ ਗਿਆ ਹੈ।
KKR ਦੀ ਸ਼ੁਰੂਆਤ ਰਹੀ ਖਰਾਬ, ਗ੍ਰੀਨ ਫਿਰ ਰਹੇ ਫਲਾਪ
ਮੈਚ ਦੀ ਗੱਲ ਕਰੀਏ ਤਾਂ ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਪਰ ਪੰਜਾਬ ਦੇ ਗੇਂਦਬਾਜ਼ ਜ਼ੇਵੀਅਰ ਬਾਰਟਲੇਟ ਨੇ ਦੂਜੇ ਹੀ ਓਵਰ ਵਿੱਚ ਕਹਿਰ ਵਰ੍ਹਾਉਂਦਿਆਂ ਕੇਕੇਆਰ ਨੂੰ ਲਗਾਤਾਰ ਦੋ ਝਟਕੇ ਦਿੱਤੇ। ਬਾਰਟਲੇਟ ਨੇ ਪਹਿਲਾਂ ਫਿਨ ਐਲਨ (6) ਅਤੇ ਫਿਰ 25.20 ਕਰੋੜ ਰੁਪਏ ਦੇ ਮਹਿੰਗੇ ਖਿਡਾਰੀ ਕੈਮਰਨ ਗ੍ਰੀਨ (4) ਨੂੰ ਪੈਵੇਲੀਅਨ ਭੇਜਿਆ।
ਗ੍ਰੀਨ ਦੀ ਖਰਾਬ ਫਾਰਮ ਟੀਮ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਦੋਂ ਮੀਂਹ ਕਾਰਨ ਖੇਡ ਰੁਕੀ, ਉਦੋਂ ਕੇਕੇਆਰ ਨੇ 2 ਵਿਕਟਾਂ ਗੁਆ ਕੇ 25 ਦੌੜਾਂ ਬਣਾਈਆਂ ਸਨ। ਕਪਤਾਨ ਅਜਿੰਕਿਆ ਰਹਾਣੇ (8) ਅਤੇ ਅੰਗਕ੍ਰਿਸ਼ ਰਘੂਵੰਸ਼ੀ (7) ਕਰੀਜ਼ ‘ਤੇ ਮੌਜੂਦ ਸਨ।
ਕਿੰਗ ਖਾਨ ਦੀ ਮੌਜੂਦਗੀ ਅਤੇ ਪੁਰਾਣੀ ਯਾਦ
ਇਸ ਮੈਚ ਦੀ ਖਾਸ ਗੱਲ ਇਹ ਰਹੀ ਕਿ ਬਾਲੀਵੁੱਡ ਸੁਪਰਸਟਾਰ ਅਤੇ KKR ਦੇ ਸਹਿ-ਮਾਲਕ ਸ਼ਾਹਰੁਖ ਖਾਨ ਖੁਦ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਸਟੇਡੀਅਮ ਪਹੁੰਚੇ ਹੋਏ ਸਨ। ਹਾਲਾਂਕਿ, ਮੀਂਹ ਨੇ ਪ੍ਰਸ਼ੰਸਕਾਂ ਅਤੇ ਸ਼ਾਹਰੁਖ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਦਿਲਚਸਪ ਤੱਥ ਇਹ ਹੈ ਕਿ ਪਿਛਲੇ ਸਾਲ 26 ਅਪ੍ਰੈਲ ਨੂੰ ਵੀ ਇਨ੍ਹਾਂ ਦੋਵਾਂ ਟੀਮਾਂ ਦਾ ਮੈਚ ਇਸੇ ਮੈਦਾਨ ‘ਤੇ ਮੀਂਹ ਕਾਰਨ ਪ੍ਰਭਾਵਿਤ ਹੋਇਆ ਸੀ, ਜਿਸ ਨਾਲ ਇਤਿਹਾਸ ਇਕ ਵਾਰ ਫਿਰ ਦੁਹਰਾਇਆ ਗਿਆ।
Read More : ਪੰਜਾਬ ਸਰਕਾਰ ਨੇ ਟੈਕਸ ਚੋਰੀ ਦੇ 1,137 ਕਰੋੜ ਰੁਪਏ ਕੀਤੇ ਵਸੂਲ : ਵਿੱਤ ਮੰਤਰੀ ਚੀਮਾ
