ਮਿਸਿਜ਼ ਬੈਕਟਰਸ ਅਤੇ ਜੇਐਲ ਓਸਵਾਲ ਵੱਲੋਂ ਪੰਜਾਬ ਦੇ ਨਵੇਂ ਉਦਯੋਗਿਕ ਢਾਂਚੇ ਤਹਿਤ ਵੱਡੇ ਵਿਸਥਾਰ ਦਾ ਐਲਾਨ
ਚੰਡੀਗੜ੍ਹ, 11 ਮਾਰਚ : ਪੰਜਾਬ ਦੀ ‘ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026’ ਸੂਬੇ ਦੇ ਆਰਥਿਕ ਵਿਕਾਸ ਲਈ ਗੇਮ-ਚੇਂਜਰ ਸਾਬਤ ਹੋ ਰਹੀ ਹੈ। ਉਦਯੋਗ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਖੁਲਾਸਾ ਕੀਤਾ ਕਿ ਨਵੀਂ ਨੀਤੀ ਦੇ ਲਾਗੂ ਹੁੰਦੇ ਹੀ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਨੇ ਪੰਜਾਬ ਵਿੱਚ ਆਪਣਾ ਭਰੋਸਾ ਜਤਾਉਂਦਿਆਂ ਮਹਿਜ਼ ਦੋ ਦਿਨਾਂ ਅੰਦਰ 2,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।
ਮਿਸਿਜ਼ ਬੈਕਟਰਸ ਫੂਡ ਸਪੈਸ਼ਲਿਟੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਨੂਪ ਬੈਕਟਰ ਅਤੇ ਇਨਵੈਸਟ ਪੰਜਾਬ ਦੇ ਸੀਈਓ ਅਮਿਤ ਢਾਕਾ ਦੀ ਮੌਜੂਦਗੀ ਵਿੱਚ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਕੰਪਨੀ ਆਪਣੀ ਰਾਜਪੁਰਾ ਸਹੂਲਤ ‘ਤੇ ਇੱਕ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਲਈ 400 ਕਰੋੜ ਰੁਪਏ ਖਰਚ ਕਰੇਗੀ। ਇਸ ਪ੍ਰੋਜੈਕਟ ਨਾਲ ਸੂਬੇ ਦੇ ਲਗਭਗ 1,000 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ।
ਇਸ ਦੇ ਨਾਲ ਹੀ ਜੇ.ਐਲ. ਓਸਵਾਲ ਗਰੁੱਪ ਨੇ ਪੰਜਾਬ ਦੇ ਬਿਹਤਰ ਵਪਾਰਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਅਗਲੇ ਤਿੰਨ ਸਾਲਾਂ ਵਿੱਚ 1,550 ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਮੰਤਰੀ ਨੇ ਜੇ.ਐਲ. ਓਸਵਾਲ ਗਰੁੱਪ ਦੇ ਚੇਅਰਮੈਨ ਕਮਲ ਓਸਵਾਲ ਅਤੇ ਅਨੂਪ ਬੈਕਟਰ ਦੀ ਦੂਰਅੰਦੇਸ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਵਿੱਚ ਸਾਈ ਸਾਬਤ ਹੋਣਗੇ।
ਜ਼ਿਕਰਯੋਗ ਹੈ ਕਿ ਮਿਸਿਜ਼ ਬੈਕਟਰਸ ਪੰਜਾਬ ਵਿੱਚ ਬਿਸਕੁਟ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ, ਜਿਸਦੀ ਮਾਰਕੀਟ ਹਿੱਸੇਦਾਰੀ 14 ਫੀਸਦੀ ਤੋਂ ਵੱਧ ਹੈ। ਸਾਲ 2026 ਵਿੱਚ 2,100 ਕਰੋੜ ਰੁਪਏ ਦੀ ਵਿਕਰੀ ਕਰਨ ਵਾਲੀ ਇਹ ਕੰਪਨੀ 70 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕਰਦੀ ਹੈ। ਅਨੂਪ ਬੈਕਟਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਿਵੇਸ਼ਕ-ਪੱਖੀ ਨੀਤੀਆਂ ਕਾਰਨ ਹੀ ਉਹ ਆਪਣੇ ਪੋਰਟਫੋਲੀਓ ਨੂੰ ਇੱਥੇ ਹੋਰ ਮਜ਼ਬੂਤ ਕਰ ਰਹੇ ਹਨ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਬੁਨਿਆਦੀ ਢਾਂਚਾ ਅਤੇ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ ਹੈ। ਇਸ ਮੌਕੇ ਇਨਵੈਸਟ ਪੰਜਾਬ ਦੇ ਸੀਈਓ ਅਮਿਤ ਢਾਕਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Read More : 31 ਸਾਲਾ ਵਿਅਕਤੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਇੱਛਾ ਮੌਤ ਦੀ ਇਜਾਜ਼ਤ
