ਦੁਬਈ ਦੇ ਰਸਤੇ ਪਾਕਿਸਤਾਨ ਭੇਜਿਆ ਜਾਂਦਾ ਸੀ ਹਵਾਲੇ ਦਾ ਪੈਸਾ
ਇਕ ਹੋਰ ਮਾਮਲੇ ’ਚ ਵੀ ਹੈਰੋਇਨ ਅਤੇ ਹਵਾਲਾ ਡਰੱਗ ਮਨੀ ਸਮੇਤ 3 ਗ੍ਰਿਫ਼ਤਾਰ
ਅੰਮ੍ਰਿਤਸਰ, 17 ਜੂਨ :- ਕਮਿਸ਼ਨਰੇਟ ਪੁਲਸ ਨੇ ਅੰਮ੍ਰਿਤਸਰ ਵਿਚ ਚੱਲ ਰਹੇ ਅੰਤਰਰਾਸ਼ਟਰੀ ਡਰੱਗ ਅਤੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਨਾਈਜੀਰੀਅਨ ਨਾਗਰਿਕ ਕੋਲਿਨਜ਼ ਵਾਸੀ ਨਾਈਜੀਰੀਆ, ਇਸ਼ਪ੍ਰੀਤ ਸਿੰਘ, ਅਖਿਲੇਸ਼ ਵਿਜ, ਗੁਰਪ੍ਰੀਤ ਸਿੰਘ, ਰਵੀ ਕੁਮਾਰ ਅਤੇ ਸ਼ਿਆਮ ਸਿੰਘ ਸ਼ਹੀਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 2 ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ 6 ਮੁਲਜ਼ਮਾਂ ਦੇ ਕਬਜ਼ੇ ਵਿਚੋਂ 112 ਗ੍ਰਾਮ ਕੋਕੀਨ, ਇਕ 32 ਬੋਰ ਦੀ ਪਿਸਤੌਲ, 1 ਕਿਲੋ ਹੈਰੋਇਨ ਅਤੇ ਹਵਾਲਾ ਡਰੱਗ ਮਨੀ 8.10 ਲੱਖ ਰੁਪਏ ਦੀ ਬਰਾਮਦ ਕੀਤੀ ਗਈ ਹੈ, ਜਿਸ ਵਿਚ ਥਾਣਾ ਕੰਟੋਨਮੈਂਟ ਅਤੇ ਸਦਰ ਦੀ ਪੁਲਸ ਨੇ ਮਾਮਲੇ ਦਰਜ ਕੀਤੇ ਹਨ।
ਕੇਸ ਨੰਬਰ 1 : ਜਿਸ ਵਿਚ ਕਾਰਟੇਲ ਵਿਚ ਸ਼ਾਮਲ ਮੁਲਮ ਵ੍ਹਟਸਅੱਪ ’ਤੇ ਇਕ-ਦੂਜੇ ਦੇ ਸੰਪਰਕ ਵਿਚ ਸਨ, ਜਿਸ ਵਿਚ ਕਿੰਗਪਿਨ ਨਾਈਜੀਰੀਅਨ ਕੋਲਿਨਜ਼ ਮੁੱਖ ਸਪਲਾਇਰ ਸੀ, ਜਿਸ ਤੋਂ ਅਖਿਲੇਸ਼ ਸਿੱਧੇ ਤੌਰ ’ਤੇ ਨਸ਼ਿਆਂ ਦੀ ਖੇਪ ਲੈਂਦਾ ਸੀ ਅਤੇ ਇਸ ਨੂੰ ਅਮੀਰ ਘਰਾਂ ਦੇ ਬੱਚਿਆਂ ਨੂੰ 20 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਤੱਕ ਦੀ ਦਰ ਨਾਲ ਵੇਚਦਾ ਸੀ।
ਨਾਈਜੀਰੀਅਨ ਕੋਲਿਨਜ਼ 2023 ਵਿਚ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਲਈ ਭਾਰਤ ਆਇਆ ਸੀ, ਜਿਸ ਤੋਂ ਬਾਅਦ ਉਹ ਬਿਨਾਂ ਪਾਸਪੋਰਟ ਵੀਜ਼ਾ ਦੇ ਗੈਰ-ਕਾਨੂੰਨੀ ਤੌਰ ’ਤੇ ਭਾਰਤ ਵਿਚ ਲੁਕਿਆ ਹੋਇਆ ਸੀ ਅਤੇ ਇੱਥੇ ਨਸ਼ਿਆਂ ਦੀ ਸਮੱਗਲਿੰਗ ਕਰ ਰਿਹਾ ਸੀ, ਜੋ ਮੁੱਖ ਤੌਰ ’ਤੇ ਦਿੱਲੀ ਦੇ ਮਰੋਲੀ ਤੋਂ ਕੰਮ ਕਰਦਾ ਸੀ।
ਕੇਸ ਨੰਬਰ 2 : ਪੁਲਸ ਕਮਿਸ਼ਨਰ ਨੇ ਕਿਹਾ ਕਿ ਥਾਣਾ ਸਦਰ ਵਿਚ ਦਰਜ ਇਕ ਹੋਰ ਮਾਮਲੇ ਵਿਚ ਕਈ ਮਹੱਤਵਪੂਰਨ ਖੁਲਾਸੇ ਹੋਏ ਹਨ, ਜਿਸ ਵਿਚ ਗ੍ਰਿਫ਼ਤਾਰ ਰਵੀ ਕੁਮਾਰ ਸਰਹੱਦ ’ਤੇ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਦੇ ਸੰਪਰਕ ਵਿਚ ਸੀ, ਜੋ ਸ਼ਿਆਮ ਸਿੰਘ ਨਾਲ ਹੈਰੋਇਨ ਦੀ ਖੇਪ ਚੁੱਕਦੇ ਸਨ, ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਵਾਲਾ ਰਾਹੀਂ ਨਸ਼ਿਆਂ ਦੇ ਪੈਸੇ ਪਾਕਿਸਤਾਨ ਭੇਜਦਾ ਸੀ, ਜਿਸ ਨੇ ਪੈਸੇ ਇਕੱਠੇ ਕਰਨ ਲਈ ਇਕ ਟੋਕਨ ਸਿਸਟਮ ਬਣਾਇਆ ਸੀ ਅਤੇ ਉਹ ਪਿੰਡ ਵਿਚ ਮੀਟ ਦੀ ਰੇਹੜੀ ਲਗਾਉਂਦਾ ਸੀ।
ਪੁਲਸ ਨੇ ਗੁਰਪ੍ਰੀਤ ਸਿੰਘ ਦੇ ਕਬਜ਼ੇ ਵਿਚੋਂ 8.10 ਲੱਖ ਰੁਪਏ ਬਰਾਮਦ ਕੀਤੇ, ਜਿਨ੍ਹਾਂ ਨੂੰ ਉਹ ਦੁਬਈ ਰਾਹੀਂ ਪਾਕਿਸਤਾਨ ਭੇਜਦਾ ਸੀ। ਇਸ ਵੇਲੇ ਪੁਲਸ ਨੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਸਾਰੇ ਮੁਲਜ਼ਮਾਂ ਨੂੰ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨਾਲ ਸੰਬੰਧਤ ਕਈ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।
Read More : ਆਸ਼ੂ ਮੋਂਗਾ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਸ਼ਿਵਮ ਅਤੇ ਸਿਮਰਨਪ੍ਰੀਤ ਗ੍ਰਿਫਤਾਰ