ਬਟਾਲਾ, 16 ਅਗਸਤ : ਬਟਾਲਾ ਦੇ ਪਿੰਡ ਚੰਦੂ ਸੂਜਾ ਦੇ ਇੱਕ ਭੱਠੇ ਦੇ ਖੱਡੇ ਨਜ਼ਦੀਕ ਖੇਡਦਿਆਂ ਮਾਸੂਮ ਭੈਣ ਭਰਾ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਨਾਲ ਭਰੇ ਖੱਡੇ ‘ਚ ਡਿੱਗ ਪਏ ਅਤੇ ਡੁੱਬਣ ਨਾਲ ਉਹਨਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਦੋਵੇਂ ਮਾਸੂਮ ਭੈਣ-ਭਰਾ 15 ਅਗਸਤ ਨੂੰ ਖੇਡਦਿਆਂ ਅਚਾਨਕ ਗਾਇਬ ਹੋ ਗਏ ਸਨ, ਜਿਸ ‘ਤੇ ਬੱਚਿਆਂ ਦੀ ਮਾਂ ਨੇ ਦੋਵਾਂ ਦੇ ਅਗਵਾ ਹੋਣ ਦੇ ਸ਼ੱਕ ਦੇ ਆਧਾਰ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਸਬੰਧੀ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਰੱਜੀ ਵਿਧਵਾ ਲਾਡੀ ਵਾਸੀ ਚਾਟੀਵਿੰਡ ਨਹਿਰ ਹਾਲ ਵਾਸੀ ਭੱਠਾ ਚੰਦੂ ਸੂਜਾ ਨੇ ਦੱਸਿਆ ਕਿ ਉਸਦੇ ਪਤੀ ਦੀ ਕਰੀਬ ਤਿੰਨ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਦੇ ਚਾਰ ਬੱਚੇ ਹਨ। ਉਸਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਪ੍ਰਿੰਸ ਜਿਸ ਦੀ ਉਮਰ 13 ਸਾਲ ਅਤੇ ਲੜਕੀ ਲਕਸ਼ਮੀ ਜਿਸਦੀ ਉਮਰ ਕਰੀਬ 12 ਸਾਲ ਹੈ, 15 ਅਗਸਤ ਨੂੰ ਭੱਠੇ ਦੇ ਨਜ਼ਦੀਕ ਖੇਡ ਰਹੇ ਸਨ ਪਰ ਜਦੋਂ ਸ਼ਾਮ ਨੂੰ ਘਰ ਵਾਪਸ ਨਾ ਆਏ ਤਾਂ ਉਨਾਂ ਨੇ ਦੋਵਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਰਜੀ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੋਇਆ ਕਿ ਉਸਦੇ ਦੋਵੇਂ ਬੱਚੇ ਅਗਵਾ ਹੋ ਗਏ ਹਨ ਜਿਸ ਕਾਰਨ ਉਸ ਨੇ ਪੁਲਿਸ ਦੇ 112 ਨੰਬਰ ‘ਤੇ ਦੋਵਾਂ ਬੱਚਿਆਂ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਉਹਨਾਂ ਦੱਸਿਆ ਕਿ 16 ਅਗਸਤ ਨੂੰ ਰੱਜੀ ਅਤੇ ਉਸਦੇ ਹੋਰ ਪਰਿਵਾਰਕ ਮੈਂਬਰ ਆਪਣੇ ਤੌਰ ‘ਤੇ ਬੱਚਿਆਂ ਦੀ ਭਾਲ ਕਰ ਰਹੇ ਸਨ ਕਿ ਉਹਨਾਂ ਨੂੰ ਭੱਠੇ ਦੇ ਨਜ਼ਦੀਕ ਬਣੇ ਪਾਣੀ ਦੇ ਖੱਡ ‘ਚ ਦੋਵਾਂ ਬੱਚਿਆਂ ਪ੍ਰਿੰਸ ਅਤੇ ਲਕਸ਼ਮੀ ਦੀ ਲਾਸ਼ਾਂ ਮਿਲੀਆਂ।
ਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ‘ਚ 194 ਬੀਐੱਨਐੱਸਐੱਸ ਤਹਿਤ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
Read More : ਦੇਸ਼ ਵੰਡ ਸਮੇਂ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ’ਚ ਅਰਦਾਸ ਸਮਾਗਮ