ਬਠਿੰਡਾ, 17 ਜਨਵਰੀ : ਇਮੀਗ੍ਰੇਸ਼ਨ ਏਜੰਟ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਬਠਿੰਡਾ ਪੁਲਸ ਨੇ ਜ਼ਿਲੇ ਦੇ ਪਿੰਡ ਕਟਾਰ ਸਿੰਘ ਵਾਲਾ ’ਚ ਮੁਲਜ਼ਮ ਨੂੰ ਮੁਕਾਬਲੇ ਦੌਰਾਨ ਲੱਤ ’ਚ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ।
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐੱਸ. ਐੱਸ. ਪੀ. ਬਠਿੰਡਾ ਸਮੇਤ ਸੀਨੀਅਰ ਅਧਿਕਾਰੀ ਅਤੇ ਭਾਰੀ ਪੁਲਸ ਫੋਰਸ ਮੌਕੇ ’ਤੇ ਪਹੁੰਚੀ। ਪੁਲਸ ਅਨੁਸਾਰ ਤਲਵੰਡੀ ਸਾਬੋ ਨਿਵਾਸੀ ਗੁਰਸੇਵਕ ਸਿੰਘ ਨੇ ਅਜੀਤ ਰੋਡ ’ਤੇ ਸਥਿਤ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਬੇਅੰਤ ਸਿੰਘ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਰੱਖੀ।
ਅੱਜ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਪਿੰਡ ਕਟਾਰ ਸਿੰਘ ਵਾਲਾ ਇਲਾਕੇ ’ਚ ਮੌਜੂਦ ਹੈ। ਇਸ ਦੌਰਾਨ ਪੁਲਸ ਟੀਮ ਨੇ ਇਲਾਕੇ ਦੀ ਘੇਰਾਬੰਦੀ ਕੀਤੀ। ਖੁਦ ਨੂੰ ਘਿਰਿਆ ਹੋਇਆ ਦੇਖ ਮੁਲਜ਼ਮ ਨੇ ਪੁਲਸ ਟੀਮ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ’ਚ ਪੁਲਸ ਦੀ ਗੋਲੀ ਮੁਲਜ਼ਮ ਦੀ ਲੱਤ ’ਚ ਲੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਪੁਲਸ ਦੀ ਸਖਤ ਨਿਗਰਾਨੀ ਹੇਠ ਹੈ। ਪੁਲਸ ਨੇ ਮੌਕੇ ਤੋਂ ਪਿਸਤੌਲ ਬਰਾਮਦ ਹੋਣ ਦੀ ਵੀ ਪੁਸ਼ਟੀ ਕੀਤੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਫਿਰੌਤੀ ਵਰਗੇ ਗੰਭੀਰ ਅਪਰਾਧਾਂ ਦੇ ਖਿਲਾਫ ਪੁਲਸ ਦੀ ਜ਼ੀਰੋ-ਟਾਲਰੈਂਸ ਨੀਤੀ ਹੈ ਅਤੇ ਉਹ ਅਜਿਹੇ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠੇਗੀ। ਮਾਮਲੇ ’ਚ ਇਹ ਜਾਂਚ ਕੀਤੀ ਜਾ ਰਹੀ ਹੈ ਕੀ ਇਸ ਘਟਨਾ ਦੇ ਪਿੱਛੇ ਕੋਈ ਹੋਰ ਵਿਅਕਤੀ ਜਾਂ ਗੈਂਗ ਸ਼ਾਮਲ ਤਾਂ ਨਹੀਂ ਹੈ। ਫਿਲਹਾਲ ਪੁਲਸ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Read More : ਦਰਦਨਾਕ ਹਾਦਸਾ ; ਗੁਜਰਾਤ ਦੀ ਮਹਿਲਾ ਪੁਲਸ ਅਧਿਕਾਰੀ ਸਣੇ 5 ਦੀ ਮੌਤ
