ਵਪਾਰਕ ਗੈਸ ਸਿਲੰਡਰ 195.50 ਰੁਪਏ ਮਹਿੰਗਾ; ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਸਥਿਰ
ਨਵੀਂ ਦਿੱਲੀ, 1 ਅਪ੍ਰੈਲ: ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਹੀ ਆਮ ਜਨਤਾ ਅਤੇ ਕਾਰੋਬਾਰੀਆਂ ‘ਤੇ ਮਹਿੰਗਾਈ ਦੀ ਮਾਰ ਪਈ ਹੈ। ਤੇਲ ਕੰਪਨੀਆਂ ਨੇ ਬੁੱਧਵਾਰ ਨੂੰ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ (LPG) ਸਿਲੰਡਰ ਦੀ ਕੀਮਤ ਵਿੱਚ 195.50 ਰੁਪਏ ਦਾ ਭਾਰੀ ਵਾਧਾ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਫੌਜੀ ਟਕਰਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨੂੰ ਇਸ ਵਾਧੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਤਾਜ਼ਾ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਹੁਣ 2,078.50 ਰੁਪਏ ਹੋ ਗਈ ਹੈ। ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਵੀ ਕੀਮਤਾਂ ਵਿੱਚ 114.5 ਰੁਪਏ ਦਾ ਵਾਧਾ ਹੋਇਆ ਸੀ, ਜਿਸਦਾ ਮਤਲਬ ਹੈ ਕਿ ਸਿਰਫ਼ ਇੱਕ ਮਹੀਨੇ ਵਿੱਚ ਵਪਾਰਕ ਗੈਸ 300 ਰੁਪਏ ਤੋਂ ਵੱਧ ਮਹਿੰਗੀ ਹੋ ਚੁੱਕੀ ਹੈ। ਇਸ ਵਾਧੇ ਨਾਲ ਰੈਸਟੋਰੈਂਟ, ਢਾਬੇ ਅਤੇ ਕੇਟਰਿੰਗ ਦਾ ਕੰਮ ਕਰਨ ਵਾਲਿਆਂ ‘ਤੇ ਵਿੱਤੀ ਬੋਝ ਵਧੇਗਾ, ਜਿਸ ਕਾਰਨ ਬਾਹਰ ਖਾਣਾ ਪੀਣਾ ਮਹਿੰਗਾ ਹੋਣ ਦਾ ਖਦਸ਼ਾ ਹੈ।
ਰਾਹਤ ਦੀ ਗੱਲ ਇਹ ਹੈ ਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਘਰੇਲੂ ਸਿਲੰਡਰ ਪਹਿਲਾਂ ਵਾਂਗ ਹੀ 913 ਰੁਪਏ ਵਿੱਚ ਉਪਲਬਧ ਰਹੇਗਾ। ਸਰਕਾਰੀ ਤੇਲ ਕੰਪਨੀਆਂ ਅਨੁਸਾਰ ਘਰੇਲੂ ਦਰਾਂ ਫਿਲਹਾਲ ਸਥਿਰ ਰੱਖੀਆਂ ਗਈਆਂ ਹਨ, ਜਿਸ ਨਾਲ ਆਮ ਪਰਿਵਾਰਾਂ ਦੇ ਰਸੋਈ ਬਜਟ ‘ਤੇ ਤੁਰੰਤ ਕੋਈ ਅਸਰ ਨਹੀਂ ਪਵੇਗਾ।
Read More : ਅਟਾਰੀ-ਵਾਹਗਾ ਸਰਹੱਦ ‘ਤੇ ‘ਰਿਟਰੀਟ ਸਮਾਰੋਹ’ ਦੇ ਸਮੇਂ ਵਿਚ ਹੋਇਆ ਬਦਲਾਅ
