FBI ਵੱਲੋਂ ਅੱਤਵਾਦ ਵਿਰੋਧੀ ਟੀਮਾਂ ਹਾਈ ਅਲਰਟ ‘ਤੇ, 14 ਲੋਕ ਜ਼ਖ਼ਮੀ
ਆਸਟਿਨ, 3 ਮਾਰਚ : ਅਮਰੀਕੀ ਰਾਜ ਟੈਕਸਸ ਦੀ ਰਾਜਧਾਨੀ ਆਸਟਿਨ ਵਿੱਚ ਐਤਵਾਰ ਤੜਕੇ ਹੋਈ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ 21 ਸਾਲਾ ਭਾਰਤੀ ਮੂਲ ਦੀ ਹੋਣਹਾਰ ਵਿਦਿਆਰਥਣ ਸਵਿਤਾ ਸ਼ਾਨ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 14 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਪੁਲਿਸ ਅਨੁਸਾਰ, 53 ਸਾਲਾ ਹਮਲਾਵਰ ਨਡਿਆਗਾ ਡਾਇਗਨ ਨੇ ਆਸਟਿਨ ਵਿੱਚ ਇੱਕ ਬੀਅਰ ਗਾਰਡਨ ਦੇ ਬਾਹਰ ਆਪਣੀ ਕਾਰ ਖੜ੍ਹੀ ਕੀਤੀ ਅਤੇ ਉੱਥੇ ਮੌਜੂਦ ਲੋਕਾਂ ‘ਤੇ ਪਿਸਤੌਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਹਮਲਾਵਰ ਕਾਰ ਵਿੱਚੋਂ ਬਾਹਰ ਨਿਕਲਿਆ ਅਤੇ ਰਾਈਫਲ ਨਾਲ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਹਮਲਾਵਰ ਨੂੰ ਢੇਰ ਕਰ ਦਿੱਤਾ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ਨੀਵਾਰ ਨੂੰ ਈਰਾਨ ‘ਤੇ ਕੀਤੀ ਗਈ ਬੰਬਾਰੀ ਤੋਂ ਬਾਅਦ ਹਾਲਾਤ ਤਣਾਅਪੂਰਨ ਹਨ। ਐਫਬੀਆਈ (FBI) ਡਾਇਰੈਕਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ਰਾਹੀਂ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿੱਚ ਅੱਤਵਾਦ ਵਿਰੋਧੀ ਅਤੇ ਖੁਫੀਆ ਟੀਮਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਮ੍ਰਿਤਕਾ ਸਵਿਤਾ ਸ਼ਾਨ ਯੂਨੀਵਰਸਿਟੀ ਆਫ਼ ਟੈਕਸਾਸ ਐਟ ਔਸਟਿਨ ਵਿੱਚ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਅਤੇ ਇਕਨਾਮਿਕਸ ਦੀ ਡਿਊਲ-ਡਿਗਰੀ ਸੀਨੀਅਰ ਵਿਦਿਆਰਥਣ ਸੀ। ਯੂਨੀਵਰਸਿਟੀ ਅਧਿਕਾਰੀਆਂ ਨੇ ਉਸ ਨੂੰ ਇੱਕ ਬਹੁਤ ਹੀ ਹੋਣਹਾਰ ਸਟੂਡੈਂਟ ਦੱਸਿਆ ਹੈ। ਸਵਿਤਾ ਦੀ ਮੌਤ ਦੀ ਖ਼ਬਰ ਨਾਲ ਆਸਟਿਨ ਵਿੱਚ ਰਹਿੰਦੇ ਭਾਰਤੀ ਭਾਈਚਾਰੇ, ਖਾਸ ਕਰਕੇ ਵਿਦਿਆਰਥੀਆਂ ਅਤੇ ਆਈ.ਟੀ. ਪ੍ਰੋਫੈਸ਼ਨਲਜ਼ ਵਿੱਚ ਗਹਿਰੇ ਸਦਮੇ ਅਤੇ ਦੁੱਖ ਦੀ ਲਹਿਰ ਹੈ।
Read More : ਵੱਡਾ ਖੁਲਾਸਾ : ਇਜ਼ਰਾਈਲ ਨੇ ਅਲੀ ਖਾਮੇਨੇਈ ਨੂੰ ਟਰੈਕ ਕਰਨ ਲਈ ਤਹਿਰਾਨ ਦਾ ਟ੍ਰੈਫਿਕ ਕੈਮਰਾ ਨੈੱਟਵਰਕ ਕੀਤਾ ਸੀ ਹੈਕ
