ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ, ਗੁਜਰਾਤੀ ਦੀ ਰਹਿਣ ਵਾਲੀ ਸੀ ਕਿਰਨਬੇਨ ਪਟੇਲ
ਕੈਰੋਲੀਨਾ, 21 ਸਤੰਬਰ : ਇਕ ਨਕਾਬਪੋਸ਼ ਬੰਦੂਕਧਾਰੀ ਨੇ ਅਮਰੀਕਾ ਵਿਚ ਇਕ ਸਟੋਰ ਵਿਚ ਦਾਖ਼ਲ ਹੋ ਕੇ ਭਾਰਤੀ ਕਾਰੋਬਾਰੀ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੇ ਅਨੁਸਾਰ ਮ੍ਰਿਤਕ ਗੁਜਰਾਤੀ ਔਰਤ ਦੀ ਪਛਾਣ ਕਿਰਨਬੇਨ ਪਟੇਲ (49) ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਗੁਜਰਾਤ ਦੇ ਆਨੰਦ ਜ਼ਿਲੇ ਦੇ ਬੋਰਸਦ ਕਸਬੇ ਦੀ ਰਹਿਣ ਵਾਲੀ ਹੈ। ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੱਖਣੀ ਕੈਰੋਲੀਨਾ ਵਚ ਰਹਿ ਰਹੀ ਸੀ ਅਤੇ ਇਕ ਸਟੋਰ ਚਲਾਉਂਦੀ ਸੀ। 16 ਸਤੰਬਰ ਨੂੰ ਉਹ ਕਾਊਂਟਰ ‘ਤੇ ਪੈਸੇ ਗਿਣ ਰਹੀ ਸੀ ਉਦੋਂ ਹੀ ਦੋਸ਼ੀ ਜੈਦਾਨ ਮੈਕ ਹਿੱਲ (21) ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ।
ਪੁਲਿਸ ਨੇ ਦੱਸਿਆ ਕਿ ਕਿਰਨ ਨੂੰ ਯੂਨੀਅਨ ਕਾਉਂਟੀ ਦੇ ਚਾਰਲਸ ਨਾਥਨ ਕਰਾਸਬੀ ਸਾਊਥ ਮਾਊਂਟੇਨ ਸਟਰੀਟ ਤੋਂ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਦੋਸ਼ੀ ਹਿੱਲ ਨੇ ਮਾਸਕ ਪਾ ਕੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਉਸ ਨੇ ਔਰਤ ਨੂੰ ਇਕ ਤੋਂ ਬਾਅਦ ਇਕ ਅੱਠ ਗੋਲੀਆਂ ਮਾਰੀਆਂ।
ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਯੂਨੀਅਨ ਕਾਉਂਟੀ ਜੇਲ ਭੇਜ ਦਿੱਤਾ। ਅਮਰੀਕਾ ਵਿਚ ਭਾਰਤੀਆਂ ਵਿਰੁੱਧ ਵੱਧ ਰਹੀ ਹਿੰਸਾ ਨੇ ਭਾਰਤੀਆਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Read More : ਵਿੱਤ ਮੰਤਰੀ ਨੇ ਹਲਕਾ ਦਿੜ੍ਹਬਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਭੇਜੀਆਂ ਤਿੰਨ ਐਂਬੂਲੈਂਸਾਂ