ਸਾਵਿਤਰੀਬਾਈ ਫੁਲੇ ਟਰੱਸਟ ਲਈ 51 ਲੱਖ ਦੀ ਗ੍ਰਾਂਟ ਦਾ ਐਲਾਨ
ਨਵੀਂ ਦਿੱਲੀ, 22 ਫਰਵਰੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਦਿੱਲੀ ਦੇ ਮੰਗੋਲਪੁਰੀ ਵਿਖੇ ‘ਅੰਤਰਰਾਸ਼ਟਰੀ ਸੈਣੀ ਭਵਨ’ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਭਵਨ ਵਿੱਚ ਸਥਾਪਿਤ ਮਹਾਤਮਾ ਬੁੱਧ, ਮਹਾਤਮਾ ਜੋਤੀਰਾਓ ਫੁਲੇ, ਮਾਤਾ ਸਾਵਿਤਰੀਬਾਈ ਫੁਲੇ ਅਤੇ ਮਹਾਰਾਜ ਸ਼ੂਰ ਸੈਨ ਦੀਆਂ ਮੂਰਤੀਆਂ ਤੋਂ ਪਰਦਾ ਹਟਾਉਣ ਦੀ ਰਸਮ ਵੀ ਨਿਭਾਈ। ਮੁੱਖ ਮੰਤਰੀ ਨੇ ਸਮਾਜ ਸੇਵੀ ਕਾਰਜਾਂ ਲਈ ਸਾਵਿਤਰੀਬਾਈ ਜੋਤੀਰਾਓ ਫੁਲੇ ਟਰੱਸਟ ਨੂੰ 51 ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਜੋਤੀਰਾਓ ਫੁਲੇ ਅਤੇ ਮਾਤਾ ਸਾਵਿਤਰੀਬਾਈ ਫੁਲੇ ਨੇ ਉਸ ਸਮੇਂ ਸਿੱਖਿਆ ਦਾ ਦੀਵਾ ਜਗਾਇਆ ਜਦੋਂ ਸਮਾਜ ਹਨੇਰੇ ਵਿੱਚ ਸੀ। ਉਨ੍ਹਾਂ ਕਿਹਾ ਕਿ ਇਹ ਮਹਾਪੁਰਖ ਸਮਾਜਿਕ ਨਿਆਂ, ਸਿੱਖਿਆ ਅਤੇ ਸਮਾਨਤਾ ਦੇ ਅਸਲ ਮਾਰਗਦਰਸ਼ਕ ਹਨ। ਨਾਇਬ ਸਿੰਘ ਸੈਣੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਧੀਆਂ ਨੂੰ ਪੜ੍ਹਾਉਣਾ ਅਪਰਾਧ ਮੰਨਿਆ ਜਾਂਦਾ ਸੀ, ਉਦੋਂ ਮਾਤਾ ਸਾਵਿਤਰੀਬਾਈ ਫੁਲੇ ਨੇ ਜਾਤੀਵਾਦ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਆਪਣੀ ਕਲਮ ਨੂੰ ਤਲਵਾਰ ਵਾਂਗ ਵਰਤਿਆ।
ਮੁੱਖ ਮੰਤਰੀ ਨੇ ਸਿੱਖਿਆ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖਿਆ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ ਅਤੇ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਵਿਤਕਰੇ ਵਿਰੁੱਧ ਇੱਕਜੁੱਟ ਹੋਣ। ਉਨ੍ਹਾਂ ਕਿਹਾ ਕਿ ਸਾਡਾ ਸੰਕਲਪ ਸਿੱਖਿਆ ਨੂੰ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਹੈ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਸ਼੍ਰੀਪਾਲ ਸੈਣੀ ਨੇ ਮੁੱਖ ਮੰਤਰੀ ਨੂੰ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਕੁਝ ਮੰਗਾਂ ਵੀ ਪੇਸ਼ ਕੀਤੀਆਂ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਮਾਜਿਕ ਹਿੱਤਾਂ ਲਈ ਸਰਕਾਰ ਹਮੇਸ਼ਾ ਤਤਪਰ ਰਹੇਗੀ।
Read More : ਸੁਪਰ-8 ਮੁਕਾਬਲੇ ਵਿਚ ਇੰਗਲੈਂਡ ਦੀ ਸ਼ਾਨਦਾਰ ਜਿੱਤ; ਸ਼੍ਰੀਲੰਕਾ ਨੂੰ 51 ਦੌੜਾਂ ਨਾਲ ਹਰਾਇਆ
