ਹਾਜੀਪੁਰ, 4 ਅਕਤੂਬਰ : ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰਨ ਅਤੇ ਪੌਂਗ ਡੈਮ ਵਿਚ ਪਾਣੀ ਦੇ ਪੱਧਰ ਵਿਚ ਵਾਧੇ ਦੇ ਮੱਦੇਨਜ਼ਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਡੈਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫਲੱਡ ਗੇਟ ਮੁੜ ਤੋਂ ਖੋਲ੍ਹ ਦਿੱਤੇ ਹਨ।
ਇਹ ਫੈਸਲਾ ਡੈਮ ਵਿਚ ਪਾਣੀ ਦੇ ਵਧ ਰਹੇ ਵਹਾਅ ਨੂੰ ਕੰਟਰੋਲ ਕਰਨ ਲਈ ਇਕ ਜ਼ਰੂਰੀ ਪ੍ਰਬੰਧਕੀ ਕਦਮ ਹੈ ਤਾਂ ਜੋ ਡੈਮ ਦੇ ਢਾਂਚੇ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਹਾਲਾਤ ਨੂੰ ਕਾਬੂ ਵਿਚ ਰੱਖਿਆ ਜਾ ਸਕੇ। ਬਿਆਸ ਦਰਿਆ ਦੇ ਨਾਲ ਲੱਗਦੇ ਹੇਠਲੇ ਇਲਾਕਿਆਂ ਜਿਵੇਂ ਕਿ ਹਿਮਾਚਲ ਦੇ ਜ਼ਿਲਾ ਕਾਂਗੜਾ ਦੀ ਤਹਿਸੀਲ ਇੰਦੌਰਾ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਅਤੇ ਤਰਨਤਾਰਨ ਜ਼ਿਲਿਆਂ ਦੇ ਵਸਨੀਕਾਂ ਨੂੰ ਤੁਰੰਤ ਅਲਰਟ ਕੀਤਾ ਗਿਆ ਹੈ।
ਪ੍ਰਸ਼ਾਸਨ ਨੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆਵਾਂ ਦੇ ਨੇੜੇ ਨਾ ਜਾਣ ਅਤੇ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਲੈ ਜਾਣ। ਸਬੰਧਤ ਜ਼ਿਲਿਆਂ ਦੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 24 ਘੰਟੇ ਨਿਗਰਾਨੀ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ।
ਬਚਾਅ ਟੀਮਾਂ ਐੱਨ.ਡੀ.ਆਰ.ਐੱਫ. ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਇਸ ਗੱਲ ਤੋਂ ਭਲੀਭਾਂਤ ਜਾਣੂ ਹੈ ਕਿ ਪੰਜਾਬ ਪਹਿਲਾਂ ਹੀ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਣੀ ਛੱਡਣ ਦਾ ਇਹ ਫੈਸਲਾ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸੋਚ-ਸਮਝ ਕੇ ਲਿਆ ਗਿਆ ਹੈ। ਅੱਜ ਪੌਂਗ ਡੈਮ ਤੋਂ ਟਰਬਾਈਨਾਂ ਅਤੇ ਸਪਿੱਲਵੇਅ ਗੇਟਾਂ ਰਾਹੀਂ ਕੁੱਲ 49948 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਅੱਜ ਸ਼ਾਮ 6 ਵਜੇ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ 7413 ਕਿਊਸਿਕ ਦਰਜ ਕੀਤੀ ਗਈ ਅਤੇ ਡੈਮ ਦਾ ਪਾਣੀ ਦਾ ਪੱਧਰ 1388.08 ਫੁੱਟ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਤੋਂ 38,298 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਅਤੇ 11,500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਛੱਡਿਆ ਜਾ ਰਿਹਾ ਹੈ।
Read More : ਲਾਸ ਏਂਜਲਸ ਰਿਫਾਇਨਰੀ ‘ਚ ਲੱਗੀ ਭਿਆਨਕ ਅੱਗ