ਨਿਖਿਲ ਗੁਪਤਾ ਸਿਰਫ਼ ਮੋਹਰਾ, ਅਸਲ ਸਾਜ਼ਿਸ਼ਕਰਤਾ ਦਿੱਲੀ ਦੇ ਉੱਚ ਅਧਿਕਾਰੀ : ਸਿਮਰਨਜੀਤ ਸਿੰਘ ਮਾਨ
ਅੰਮ੍ਰਿਤਸਰ, 16 ਫਰਵਰੀ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਦਲ ਖ਼ਾਲਸਾ ਦੇ ਆਗੂਆਂ ਵੱਲੋਂ ਕੀਤੀ ਸਾਂਝੀ ਬੈਠਕ ਦੌਰਾਨ ਭਾਰਤ ਸਰਕਾਰ ਅਤੇ ਖ਼ੁਫ਼ੀਆ ਏਜੰਸੀਆਂ ’ਤੇ ਗੰਭੀਰ ਦੋਸ਼ ਲਗਾਏ ਗਏ ਹਨ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ ’ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ’ਚ ਫੜਿਆ ਗਿਆ ਨਿਖਿਲ ਗੁਪਤਾ ਮਹਿਜ਼ ਇਕ ਮੋਹਰਾ ਹੈ, ਜਦਕਿ ਇਸ ਦੇ ਅਸਲ ਸੂਤਰਧਾਰ ਦਿੱਲੀ ਦੇ ਸੱਤਾ ਦੇ ਗਲਿਆਰਿਆਂ ’ਚ ਬੈਠੇ ਉੱਚ ਸਿਆਸੀ ਅਤੇ ਪ੍ਰਸ਼ਾਸਨਿਕ ਲੋਕ ਹਨ।
ਬੈਠਕ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਭਾਰਤੀ ‘ਡੀਪ ਸਟੇਟ’ ਵਿਦੇਸ਼ਾਂ ਦੀ ਤਰਜ਼ ’ਤੇ ਪੰਜਾਬ ਅੰਦਰ ਵੀ ਅਜਿਹਾ ਵਰਤਾਰਾ ਕਰਨ ਦੀ ਤਿਆਰੀ ’ਚ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਪਰਦੇ ਪਿੱਛੇ ਗੈਂਗਸਟਰਾਂ ਦੀ ਵਰਤੋਂ ਕਰਕੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਸਿਮਰਨਜੀਤ ਸਿੰਘ ਮਾਨ, ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ ਅਤੇ ਨਰਾਇਣ ਸਿੰਘ ਚੌੜਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਨਿਖਿਲ ਗੁਪਤਾ ਵੱਲੋਂ ਅਮਰੀਕੀ ਅਦਾਲਤ ’ਚ ਗੁਨਾਹ ਕਬੂਲਣ ਨਾਲ ਸਿੱਖਾਂ ਨੂੰ ਗੈਰ-ਨਿਆਂਇਕ ਤੌਰ ’ਤੇ ਖ਼ਤਮ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਵਾਈ ਸਿਰਫ਼ ਗੁਪਤਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਸਾਜ਼ਿਸ਼ ਦੇ ਅਸਲ ਮੁਲਜ਼ਮਾਂ ਨੂੰ ਅਮਰੀਕੀ ਕਾਨੂੰਨਾਂ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ। ਆਗੂਆਂ ਨੇ ਹਰਦੀਪ ਸਿੰਘ ਨਿੱਝਰ, ਅਵਤਾਰ ਸਿੰਘ ਖੰਡਾ ਅਤੇ ਪਾਕਿਸਤਾਨ ’ਚ ਹੋਏ ਸਿੱਖ ਆਗੂਆਂ ਦੇ ਕਤਲਾਂ ਲਈ ਸਿੱਧੇ ਤੌਰ ’ਤੇ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਪੰਜਾਬ ’ਚ ਇਕ ਨਵਾਂ ‘ਕਿਲਿੰਗ ਪੈਟਰਨ’ ਲਾਗੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਿੱਖ ਐਕਟੀਵਿਸਟਾਂ ਦੇ ਕਤਲਾਂ ਨੂੰ ‘ਗੈਂਗਵਾਰ’ ਦਾ ਰੂਪ ਦਿੱਤਾ ਜਾਂਦਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਜੇਕਰ ਭਵਿੱਖ ’ਚ ਕਿਸੇ ਖ਼ਾਲਿਸਤਾਨੀ ਆਗੂ ’ਤੇ ਗੋਲੀ ਚੱਲਦੀ ਹੈ, ਤਾਂ ਉਸ ਨੂੰ ‘ਸਟੇਟ ਦੀ ਗੋਲੀ’ ਮੰਨਿਆ ਜਾਵੇਗਾ। ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਕਿ 21 ਫਰਵਰੀ ਨੂੰ ਮੋਗਾ ਵਿਖੇ ਅਤੇ 29 ਅਪ੍ਰੈਲ ਨੂੰ ਵੱਡੇ ਪੱਧਰ ’ਤੇ ਪ੍ਰੋਗਰਾਮ ਕੀਤੇ ਜਾਣਗੇ।
Read More : ਨਵਜੰਮੇ ਬੱਚੇ ਦਾ 2 ਲੱਖ ’ਚ ਸੌਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫ਼ਤਾਰ
