ਮੁੱਢਲੀ ਜਾਂਚ ’ਚ ਪਾਣੀ ਦੇ ਸੈਂਪਲ ਫੇਲ
ਓ. ਪੀ. ਡੀ. ਵਿਚ ਆਏ 21 ਅਤੇ ਹਸਪਤਾਲ ਵਿਚ ਦਾਖਲ ਹੋਏ 7 ਮਰੀਜ਼
ਅੰਮ੍ਰਿਤਸਰ, 9 ਅਗਸਤ : ਜ਼ਿਲਾ ਅੰਮ੍ਰਿਤਸਰ ਵਿਚ ਪੈਦ ਨਗਰ ਨਿਗਮ ਦੀ ਵਾਰਡ 35 ਦੇ ਇਲਾਕੇ ਖਾਨਕੋਟ ਵਿਚ ਉਲਟੀਆਂ ਟੱਟੀਆਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਖੇਤਰ ਵਿਚ ਲਗਾਏ ਗਏ ਕੈਂਪ ਦੌਰਾਨ ਅੱਜ 21 ਮਰੀਜ਼ ਸਾਹਮਣੇ ਆਏ ਹਨ ਜਦਕਿ 7 ਮਰੀਜ਼ਾਂ ਨੂੰ ਜ਼ਿਆਦਾ ਤਕਲੀਫ ਹੋਣ ਕਾਰਨ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਮਰੀਜ਼ਾਂ ਦੇ ਬਲੱਡ ਸੈਂਪਲ ਲਏ ਗਏ ਹਨ। ਵਿਭਾਗ ਵੱਲੋਂ ਹੁਣ ਤੱਕ ਕੀਤੀ ਗਈ ਮੁੱਢਲੀ ਜਾਂਚ ਵਿਚ ਪਾਣੀ ਦੇ ਸੈਂਪਲ ਜਿੱਥੇ ਫੇਲ ਆਏ ਹਨ, ਉਥੇ ਹੀ ਸਰਕਾਰੀ ਲੈਬਾਰਟਰੀ ਖਰੜ ਵਿਚ ਚਾਰ ਸੈਂਪਲ ਟੈਸਟਿੰਗ ਲਈ ਭੇਜੇ ਗਏ ਹਨ। ਵਿਭਾਗ ਨੇ ਫਿਲਹਾਲ ਖੇਤਰ ਵਿਚ ਆ ਰਹੇ ਨਗਰ ਨਿਗਮ ਦੇ ਪਾਣੀ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ ਅਤੇ ਨਿਗਮ ਵੱਲੋਂ ਰੋਜਾਨਾ ਚਾਰ ਪਾਣੀ ਦੇ ਟੈਂਕਰ ਲੋਕਾਂ ਦੇ ਪੀਣ ਦੇ ਲਈ ਭੇਜੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਖਾਨਕੋਟ ਵਿਚ ਪਿਛਲੇ ਕੁਝ ਦਿਨਾਂ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ, ਜਿਸ ਕਾਰਨ 3 ਮਰੀਜ਼ਾਂ ਦੀ ਉਲਟੀਆਂ ਟੱਟੀਆਂ ਅਤੇ ਇਨਫੈਕਸ਼ਨ ਕਾਰਨ ਮੌਤ ਹੋ ਗਈ।
ਮੈਡੀਕਲ ਅਧਿਕਾਰੀ ਵਲੋਂ ਘਰ-ਘਰ ਜਾ ਕੇ ਨਿਰੀਖਣ
ਸਰਕਾਰੀ ਹਸਪਤਾਲ ਵੇਰਕਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਰਾਜ ਕੁਮਾਰ ਨੇ ਅੱਜ ਘਰ ਘਰ ਜਾ ਕੇ ਨਿਰੀਖਣ ਕੀਤਾ ਅਤੇ ਲੋਕਾਂ ਨੂੰ ਨਿਗਮ ਵੱਲੋਂ ਆ ਰਹੇ ਪਾਣੀ ਨੂੰ ਨਾ ਪੀਣ ਦੀ ਸਲਾਹ ਦਿੱਤੀ ਗਈ।
ਇਸ ਤੋਂ ਇਲਾਵਾ ਲੋਕਾਂ ਨੂੰ ਕੈਲੋਰੀਨ ਦੀਆਂ ਗੋਲੀਆਂ ਦਿੱਤੀਆਂ ਗਈਆਂ। ਡਾਕਟਰ ਰਾਜ ਕੁਮਾਰ ਦੀ ਅਗਵਾਈ ਵਿਚ 24 ਘੰਟਿਅਾਂ ਲਈ ਖਾਨਕੋਟ ਦੇ ਗੁਰਦੁਆਰਾ ਸਾਹਿਬ ਵਿਚ ਪੱਕੇ ਤੌਰ ’ਤੇ ਮੈਡੀਕਲ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।
ਇਕ ਦਰਜਨ ਦੇ ਕਰੀਬ ਲੋਕਾਂ ਦੇ ਲਏ ਬਲੱਡ ਸੈਂਪਲ
ਉਧਰ ਦੂਸਰੇ ਪਾਸੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਅੱਜ ਇੱਕ ਦਰਜਨ ਦੇ ਕਰੀਬ ਲੋਕਾਂ ਦੇ ਬਲੱਡ ਸੈਂਪਲ ਵੀ ਲਏ ਗਏ ਹਨ ਜਦਕਿ 7 ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖਲ ਕਰਾਇਆ ਗਿਆ ਹੈ। ਓ. ਪੀ. ਡੀ. ਵਿਚ ਆਏ ਮਰੀਜ਼ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼ਾਂ ਦੀ ਹਾਲਤ ਸਥਿਰ ਹੈ।
ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਜ਼ੇਰੇ ਇਲਾਜ ਮਰੀਜ਼ਾਂ ਦੀ ਹਾਲਤ ’ਚ ਸੁਧਾਰ
ਸਰਕਾਰੀ ਹਸਪਤਾਲ ਮਾਨਾਂਵਾਲਾ ਦੇ ਇੰਚਾਰਜ ਡਾਕਟਰ ਮਨਜੀਤ ਸਿੰਘ ਰਟੋਲ ਨੇ ਦੱਸਿਆ ਕਿ ਹਸਪਤਾਲ ਵਿਚ 7 ਮਰੀਜ਼ ਜੇਰੇ ਇਲਾਜ ਹਨ ਜਿਨ੍ਹਾਂ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮੁਫਤ ਟੈਸਟ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਗੀਰ ਕੌਰ (50), ਕੁਲਦੀਪ ਸਿੰਘ (50), ਸਿੰਦੋ (80), ਧਨੁਪ੍ਰੀਤ ਕੌਰ (18), ਸਰਬਜੀਤ ਕੌਰ (50), ਰਣਜੀਤ ਸਿੰਘ (27), ਸੰਨੀ (30) ਮਰੀਜ਼ ਜੇਰੇ ਇਲਾਜ ਹਨ ਜਿਨਾਂ ਦੀ ਹਾਲਤ ਲਗਾਤਾਰ ਸੁਧਰ ਰਹੀ ਹੈ।
Read More : ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਬੜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ