Punjab-flood

24 ਘੰਟਿਆਂ ’ਚ ਰਾਵੀ ਦਰਿਆ ਨੇ ਦਰਜਨਾਂ ਸਰਹੱਦੀ ਪਿੰਡਾਂ ’ਚ ਮਚਾਈ ਤਬਾਹੀ

ਮੁਕੰਮਲ ਤੌਰ ’ਤੇ ਠੱਪ ਪਈ ਬਿਜਲੀ ਸਪਲਾਈ ਅਤੇ ਆਵਾਜਾਈ

>ਚਾਰ-ਚੁਫੇਰੇ ਪਾਣੀ ’ਚ ਘਿਰੇ ਹੋਏ ਪਿੰਡਾਂ ਦੇ ਲੋਕ

ਗੁਰਦਾਸਪੁਰ, 27 ਅਗਸਤ : ਗੁਰਦਾਸਪੁਰ ਅਤੇ ਪਠਾਨਕੋਟ ’ਚ ਜ਼ਿਲੇ ’ਚੋਂ ਗੁਜਰਦੇ ਰਾਵੀ ਦਰਿਆ ਨੇ ਲਗਾਤਾਰ 24 ਘੰਟੇ ਬੇਕਾਬੂ ਰਹਿ ਕੇ ਸਰਹੱਦੀ ਜ਼ਿਲਾ ਗੁਰਦਾਸਪੁਰ ’ਚ ਪਾਣੀ-ਪਾਣੀ ਕਰ ਦਿੱਤਾ ਹੈ। ਇਸ ਦਰਿਆ ਦੇ ਪਾਣੀ ਨੇ ਨਾ ਸਿਰਫ ਦਰਿਆ ਦੇ ਨੇੜਲੇ ਪਿੰਡਾਂ ’ਚ ਭਾਰੀ ਨੁਕਸਾਨ ਕੀਤਾ ਹੈ। ਸਗੋਂ ਇਸ ਪਾਣੀ ਨੇ ਦਰਿਆ ਤੋਂ ਕਰੀਬ 20 ਕਿਲੋਮੀਟਰ ਦੂਰ ਤੱਕ ਜਾ ਕੇ ਵੀ ਵੱਡੀ ਤਬਾਹੀ ਮਚਾਈ ਹੈ।

ਹਾਲਾਤ ਇਹ ਬਣੇ ਹੋਏ ਹਨ ਕਿ ਅਜੇ ਵੀ ਬਹੁਤ ਸਾਰੇ ਪਿੰਡਾਂ ਦੇ ਲੋਕ ਚਾਰ ਚੁਫੇਰਿਓ ਪਾਣੀ ’ਚ ਘਿਰੇ ਹੋਏ ਹਨ, ਜਿੱਥੇ ਕੋਈ ਵੀ ਵਾਹਨ ਦਾ ਪਹੁੰਚਣਾ ਅਸੰਭਵ ਹੈ। ਬੀ. ਐੱਸ. ਐੱਫ., ਆਰ. ਮੀ., ਐੱਨ. ਡੀ. ਆਰ. ਐੱਫ. ਅਤੇ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਜਿੱਥੇ ਪਾਣੀ ’ਚੋਂ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ ਉਸ ਦੇ ਨਾਲ ਹੀ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਵੀ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ।

ਪਾਣੀ ਦੀ ਮਾਰ ’ਚ ਆਏ ਲੋਕਾਂ ਲਈ ਇਸ ਮੌਕੇ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਚਾਰੇ ਨਾਲ ਸਬੰਧਤ ਦੱਸੀ ਜਾ ਰਹੀ ਹੈ ਕਿਉਂਕਿ ਘਰਾਂ ’ਚ ਲੱਗੇ ਟਿਊਬਵੈੱਲ ਅਤੇ ਸਮਰਸੀਬਲ ਬੋਰ ਬਿਜਲੀ ਸਪਲਾਈ ਨਾ ਹੋਣ ਕਾਰਨ ਬੰਦ ਹੋ ਚੁੱਕੇ ਹਨ ਅਤੇ ਲੋਕਾਂ ਵੱਲੋਂ ਆਪਣੇ ਘਰਾਂ ’ਚ ਸਟੋਰ ਕੀਤਾ ਪਾਣੀ ਵੀ ਖਤਮ ਹੋ ਚੁੱਕਾ ਹੈ। ਇਸ ਦੇ ਨਾਲ ਹੀ ਪਸ਼ੂਆਂ ਲਈ ਚਾਰਾ ਵੀ ਪਾਣੀ ’ਚ ਡੁੱਬ ਚੁੱਕਾ ਹੈ, ਜਿਸ ਕਾਰਨ ਹੁਣ ਪਸ਼ੂਆਂ ਜ਼ਿਆਦਾਤਰ ਥਾਵਾਂ ’ਤੇ ਭੁੱਖੇ ਹੀ ਦੱਸੇ ਜਾ ਰਹੇ ਹਨ।

ਸਾਰੀਆਂ ਰੋਕਾਂ ਤੋੜ ਕੇ ਤੇਜ਼ੀ ਨਾਲ ਅੱਗੇ ਵਧਿਆ ਰਾਵੀ ਦਰਿਆ ਦਾ ਪਾਣੀ

ਰਾਵੀ ਦਰਿਆ ’ਚ ਆਏ ਬੇਕਾਬੂ ਪਾਣੀ ਦੇ ਸਾਹਮਣੇ ਕੋਈ ਵੀ ਰੋਕ ਜਾਂ ਧੁੱਸੀ ਬੰਨ੍ਹ ਟਿਕ ਨਹੀਂ ਸਕਿਆ ਅਤੇ ਇਸ ਪਾਣੀ ਨੇ ਆਪ ਮੁਹਾਰੇ ਸਾਰੀਆਂ ਰੋਕਾਂ ਤੋੜ ਕੇ ਦੂਰ ਤੱਕ ਜਾ ਕੇ ਮਾਰ ਕੀਤੀ ਹੈ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਰਾਵੀ ਦਰਿਆ ਦਾ ਬੇਕਾਬੂ ਹੋਇਆ ਪਾਣੀ ਮਕੌੜਾ ਪੱਤਣ ਤੋਂ ਬਾਹਰ ਨਿਕਲਣਾ ਸ਼ੁਰੂ ਹੋਇਆ ਸੀ, ਜਿਸ ਨੇ ਜੱਗੋ ਚੱਕ ਟਾਂਡਾ, ਓਗਰਾ ਅਤੇ ਹੋਰ ਕਈ ਥਾਵਾਂ ’ਤੇ ਧੁੱਸੀ ਬੰਨ੍ਹ ਨੂੰ ਨਿਸ਼ਾਨਾ ਬਣਾ ਕੇ ਧੁੱਸੀ ਤੋਂ ਪਾਰਲੇ ਪਾਸੇ ਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ।

ਮਾਧੋਪੁਰ ਹੈੱਡਵਰਕਸ ਅਤੇ ਰਣਜੀਤ ਸਾਗਰ ਡੈਮ ਤੋਂ ਲਗਾਤਾਰ ਛੱਡੇ ਗਏ ਬੇਹਿਸਾਬੇ ਪਾਣੀ ਨੇ ਗੁਰਦਾਸਪੁਰ ਜ਼ਿਲੇ ਅੰਦਰ ਅਜਿਹੀ ਤਬਾਹੀ ਮਚਾਈ ਹੈ ਕਿ ਰਾਵੀ ਦਰਿਆ ਦਾ ਪਾਣੀ ਅੱਠ ਫੁੱਟ ਉੱਚੀ ਧੁੱਸੀ ਨੂੰ ਵੀ ਟੱਪ ਕੇ ਅਗਲੇ ਪਾਸੇ ਪਹੁੰਚ ਗਿਆ, ਜਿਸਦੇ ਬਾਅਦ ਦਰਜਨਾਂ ਪਿੰਡ ਇਸ ਪਾਣੀ ਦੀ ਮਾਰ ਹੇਠ ਆ ਗਏ। ਦਰਿਆ ਦੇ ਨੇੜਲੇ ਇਲਾਕੇ ’ਚ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿੱਥੇ ਇਸ ਪਾਣੀ ਨੇ ਵੱਡੀ ਤਬਾਹੀ ਨਹੀਂ ਮਚਾਈ।

ਇਥੋਂ ਤੱਕ ਕਿ ਬਹਿਰਾਮਪੁਰ ਤੱਕ ਦੇ ਸਾਰੇ ਪਿੰਡਾਂ ਨੂੰ ਡੋਬਣ ਦੇ ਬਾਅਦ ਇਹ ਪਾਣੀ ਜਿੱਥੇ ਗੁਰਦਾਸਪੁਰ ਬਹਿਰਾਮਪੁਰ ਰੋਡ ਤੱਕ ਵੀ ਪਹੁੰਚ ਗਿਆ, ਉਸ ਦੇ ਨਾਲ ਹੀ ਗਾਲੜੀ ਤੋਂ ਬਹਿਰਾਮਪੁਰ ਜਾਂਦੀ ਰੋਡ ਨੂੰ ਪਾਰ ਕਰ ਕੇ ਇਸ ਪਾਣੀ ਨੇ ਅਗਲੇ ਪਾਸੇ ਵੱਖ-ਵੱਖ ਪਿੰਡਾਂ ’ਚ ਵੀ ਵੱਡਾ ਨੁਕਸਾਨ ਕੀਤਾ ਹੈ।

ਵੱਡੀ ਗਿਣਤੀ ਪਿੰਡ ਪਾਣੀ ਦੀ ਮਾਰ ਹੇਠ

ਇੱਥੇ ਹੀ ਬੱਸ ਨਹੀਂ ਇਸ ਪਾਣੀ ਨੇ ਅਗਾਹ ਗੁਰਦਾਸਪੁਰ ਤੋਂ ਦੋਰਾਂਗਲਾ ਰੋਡ ਨੂੰ ਵੀ ਪਾਰ ਕਰ ਕੇ ਹਕੀਮਪੁਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਦੇ ਬਾਅਦ ਬਾਰਿਸ਼ ਦਾ ਇਹ ਪਾਣੀ ਦਬੂੜੀ ਸੱਦਾ ਸੇਖਾ ਮਗਰਮੂਦੀਆਂ, ਭਾਗੋਕਾਵਾਂ ਸਮੇਤ ਹੋਰ ਅਨੇਕਾਂ ਪਿੰਡਾਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ।

ਇੱਥੇ ਹੀ ਬੱਸ ਨਹੀਂ ਗਾਹਲੜੀ ਦੇ ਨੇੜਲੇ ਪਿੰਡ ਚਕਰਾਜਾ, ਸੰਘੋਰ, ਮਲੂਕ ਚੱਕ, ਮਿਆਣੀ, ਮਲਾਹ, ਨੁਸ਼ਹਿਰਾ ਠੱਠੀ, ਫਰੀਦਕੋਟ, ਚਿੱਟੀ, ਓਗਰਾ, ਕਹਨਾ, ਸੇਖਾ ਸੱਦਾ ਸਮੇਤ ਅਨੇਕਾਂ ਪਿੰਡਾਂ ’ਚ ਵੀ ਇਸ ਪਾਣੀ ਨੇ ਵੱਡਾ ਨੁਕਸਾਨ ਕੀਤਾ ਹੈ।

ਸਰਹੱਦੀ ਕਸਬਾ ਗਾਹਲੜੀ ਵੀ ਪੂਰੀ ਤਰ੍ਹਾਂ ਪਾਣੀ ’ਚ ਡੁੱਬਾ ਹੋਇਆ ਹੈ। ਰਾਵੀ ਦਰਿਆ ਦੇ ਇਸ ਪਾਣੀ ਨੇ ਆਲੀਨੰਗਲ ਅਤੇ ਇਸ ਤੋਂ ਅਗਲੇ ਪਿੰਡਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਇਹ ਪੂਰਾ ਇਲਾਕਾ ਇਸ ਮੌਕੇ ਹੜ੍ਹ ਦੀ ਮਾਰ ਹੇਠ ਹੈ, ਜਿੱਥੇ ਨਾ ਸਿਰਫ ਫਸਲਾਂ ਦੀ ਬਰਬਾਦੀ ਹੋਈ ਹੈ। ਸਗੋਂ ਪਿੰਡਾਂ ਦੀਆਂ ਵੱਖ-ਵੱਖ ਗਲੀਆਂ ਅਤੇ ਨੀਵੇਂ ਘਰਾਂ ’ਚ ਵੀ ਹਰ ਪਾਸੇ ਪਾਣੀ ਹੀ ਦਿਖਾਈ ਦੇ ਰਿਹਾ ਹੈ।

ਰਾਹਤ ਕਾਰਜਾਂ ’ਚ ਜੁੱਟੀਆਂ ਸਮਾਜ ਸੇਵੀ ਅਤੇ ਪ੍ਰਸ਼ਾਸਨ ਦੀਆਂ ਟੀਮਾਂ

ਪਾਣੀ ’ਚ ਘਿਰੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਅਤੇ ਖਤਰੇ ਵਾਲੀਆਂ ਜਗ੍ਹਾ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੀ ਪਹੁੰਚ ਚੁੱਕੀਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਵੱਲੋਂ ਵੀ ਲੋਕਾਂ ਦੀ ਮਦਦ ਲਈ ਯਤਨ ਕੀਤੇ ਜਾ ਰਹੇ ਹਨ। ਆਰਮੀ ਦੀਆਂ ਟੀਮਾਂ ਵੀ ਵੱਖ-ਵੱਖ ਵੱਡੀਆਂ ਗੱਡੀਆਂ ਅਤੇ ਕਿਸ਼ਤੀਆਂ ਲੈ ਕੇ ਲੋਕਾਂ ਨੂੰ ਬਾਹਰ ਕੱਢਣ ਅਤੇ ਸਮਾਨ ਪਹੁੰਚਾਉਣ ’ਚ ਲੱਗੀਆਂ ਹੋਈਆਂ ਹਨ।

ਬਿਜਲੀ ਘਰ ’ਚ ਵੜਿਆ ਪਾਣੀ

ਪਾਣੀ ਦੇ ਵਹਾਅ ਨੇ 66 ਕੇ. ਵੀ. ਸਬ ਸਟੇਸ਼ਨ ਦੋਰਾਂਗਲਾ ਨੂੰ ਵੀ ਆਪਣੀ ਲਪੇਟ ’ਚ ਲਿਆ ਹੈ, ਜਿਸ ਦੇ ਪਾਵਰ ਹਾਊਸ ਤੱਕ ਪਾਣੀ ਪਹੁੰਚਣ ਕਾਰਨ ਬਿਜਲੀ ਮੁਲਾਜ਼ਮਾਂ ਨੇ ਮਜਬੂਰਨ ਸਮੁੱਚਾ ਬਿਜਲੀ ਘਰ ਬੰਦ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਇਸ ਪੂਰੇ ਇਲਾਕੇ ’ਚ ਬਿਜਲੀ ਦੀ ਸਪਲਾਈ ਬੀਤੇ ਕੱਲ ਤੋਂ ਹੀ ਠੱਪ ਪਈ ਹੋਈ ਹੈ। ਘਰਾਂ ਅੰਦਰ ਲੱਗੇ ਬਿਜਲੀ ਯੰਤਰ ਨਾ ਚੱਲਣ ਕਾਰਨ ਲੋਕਾਂ ਨੂੰ ਹੋਰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਨਾਲ ਹੀ ਇਨਵਰਟਰ ਦੀਆਂ ਬੈਟਰੀਆਂ ਡਾਊਨ ਹੋਣ ਕਾਰਨ ਹੋਣ ਲੋਕ ਆਪਣੇ ਮੋਬਾਈਲ ਫੋਨ ਚਾਰਜ ਕਰਨ ਤੋਂ ਵੀ ਅਸਮਰਥ ਹੋ ਕੇ ਰਹਿ ਗਏ ਹਨ।

Read More : ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ਼ 17 ਕੌਂਸਲਰਾਂ ਨੇ ਪਾਇਆ ਬੇਭਰੋਸਗੀ ਦਾ ਮਤਾ

Leave a Reply

Your email address will not be published. Required fields are marked *