₹117 ਕਰੋੜ ਦੇ ਪ੍ਰਾਜੈਕਟ ‘ਤੇ ਚਰਚਾ, ਮਾਨਸੂਨ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਦੀ ਅਪੀਲ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 5 ਅਪ੍ਰੈਲ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਸਦੀਵੀ ਤੌਰ ‘ਤੇ ਮਜ਼ਬੂਤ ਕਰਨ ਅਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸੰਤ ਸੀਚੇਵਾਲ ਨੇ ਦੱਸਿਆ ਕਿ ਧੁੱਸੀ ਬੰਨ੍ਹ ‘ਤੇ 89 ਕਿਲੋਮੀਟਰ ਲੰਮੀ ਅਤੇ 18 ਫੁੱਟ ਚੌੜੀ ਪੱਕੀ ਸੜਕ ਬਣਾਈ ਜਾਣੀ ਹੈ। ਪੰਜਾਬ ਰਾਜ ਮੰਡੀ ਬੋਰਡ ਨੇ ਆਪਣੀ ਰਿਪੋਰਟ ਵਿੱਚ ਇਸ ਸੜਕ ‘ਤੇ ਲਗਭਗ 117 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਲਗਾਇਆ ਹੈ। ਬੋਰਡ ਅਨੁਸਾਰ, ਸੜਕ ਬਣਨ ਨਾਲ ਬੰਨ੍ਹ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਪ੍ਰਾਜੈਕਟ ਨਾਬਾਰਡ (NABARD) ਏਜੰਸੀ ਦੀ ਸਹਾਇਤਾ ਨਾਲ ਮੁਕੰਮਲ ਕੀਤਾ ਜਾਣਾ ਹੈ।
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਸੜਕ ਦੀ ਉਸਾਰੀ ਸ਼ੁਰੂ ਕੀਤੀ ਜਾਵੇ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ। ਉਨ੍ਹਾਂ ਯਾਦ ਕਰਵਾਇਆ ਕਿ ਇਸ ਸਬੰਧੀ ਪਹਿਲੀ ਮੀਟਿੰਗ 12 ਜੂਨ 2023 ਨੂੰ ਤਤਕਾਲੀ ਮੰਤਰੀ ਮੀਤ ਹੇਅਰ ਦੀ ਅਗਵਾਈ ਹੇਠ ਹੋਈ ਸੀ।
ਮੀਟਿੰਗ ਦੌਰਾਨ ਸੀਚੇਵਾਲ ਨੇ ਦੱਸਿਆ ਕਿ ਮੰਡਾਲਾ ਛੰਨਾ ਖੇਤਰ ਵਿੱਚ ਜਿੱਥੇ ਪਿਛਲੇ ਸਮੇਂ ਦੌਰਾਨ 4 ਘਰ ਦਰਿਆ ਵਿੱਚ ਰੁੜ੍ਹ ਗਏ ਸਨ, ਉੱਥੇ ਧੁੱਸੀ ਬੰਨ੍ਹ ਦੇ 2200 ਫੁੱਟ ਲੰਮੇ ਸੰਵੇਦਨਸ਼ੀਲ ਹਿੱਸੇ ਨੂੰ ਪੱਥਰ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ। ਇੱਥੇ 13 ਸਟੱਡ ਅਤੇ 2 ਸਪਰ ਬਣਾਏ ਜਾ ਰਹੇ ਹਨ ਅਤੇ ਇਸ ਕੰਮ ਨੂੰ ਬਰਸਾਤਾਂ ਤੋਂ ਪਹਿਲਾਂ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਆਪਣੀ ਸੰਜੀਦਗੀ ਦੁਹਰਾਈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅਪ੍ਰੈਲ ਦੇ ਅਖੀਰ ਵਿੱਚ ਖੁਦ ਬੁੱਢੇ ਦਰਿਆ ਦਾ ਦੌਰਾ ਕਰਕੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਣਗੇ। ਸੰਤ ਸੀਚੇਵਾਲ ਨੇ ਇਸ ਮੌਕੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਤਜ਼ਵੀਜ ਅਤੇ ਪ੍ਰਸਤਾਵਿਤ ਨਕਸ਼ਾ ਵੀ ਸਾਂਝਾ ਕੀਤਾ।
Read More : ਹਿਮਾਚਲ ‘ਚ ਸੈਲਾਨੀਆਂ ਦੀ ਗੱਡੀ ਖੱਡ ‘ਚ ਡਿੱਗੀ, 4 ਦੀ ਮੌਤ
