ਮਾਨ ਨੇ ਵਿਰੋਧੀਆਂ ‘ਤੇ ਸਾਧੇ ਤਿੱਖੇ ਨਿਸ਼ਾਨੇ ਅਤੇ 2027 ਵਿੱਚ ਮੁੜ ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਧੂਰੀ, 18 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਚੋਣ ਹਲਕੇ ਧੂਰੀ ਵਿੱਚ 21.65 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਸਬ-ਡਿਵੀਜ਼ਨਲ ਹਸਪਤਾਲ ਅਤੇ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੇਸ਼ ਦੀ ਮੌਜੂਦਾ ਸਿਆਸੀ ਵਿਵਸਥਾ ‘ਤੇ ਗਹਿਰੀ ਚਿੰਤਾ ਪ੍ਰਗਟਾਈ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ, ਤਾਂ ਅੱਜ ਭਾਰਤ ਦਾ ਨਕਸ਼ਾ ਅਤੇ ਕਿਸਮਤ ਬਿਲਕੁਲ ਵੱਖਰੀ ਹੁੰਦੀ। ਉਨ੍ਹਾਂ ਸਵਾਲ ਕੀਤਾ ਕਿ ਆਜ਼ਾਦੀ ਦੇ 80 ਸਾਲਾਂ ਬਾਅਦ ਵੀ ਅਸੀਂ ਉਸੇ ਪੁਰਾਣੇ ‘ਪਟਵਾਰੀ-ਤਹਿਸੀਲ’ ਢਾਂਚੇ ਅਤੇ ਸਿਸਟਮ ਦੇ ਗੁਲਾਮ ਕਿਉਂ ਹਾਂ? CM ਮਾਨ ਨੇ ਕਿਹਾ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀਆਂ ਨੇ ਅਜਿਹੇ ਦਿਨ ਦੇਖਣ ਲਈ ਕੁਰਬਾਨੀਆਂ ਨਹੀਂ ਸਨ ਦਿੱਤੀਆਂ, ਜਿੱਥੇ ਆਮ ਆਦਮੀ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਵਾਰੋ-ਵਾਰੀ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਸਿਰਫ਼ ਕੁਰਸੀ ਦੀ ਲੜਾਈ ਲੜ ਰਹੇ ਹਨ, ਜਦਕਿ ਭਗਵੰਤ ਮਾਨ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਰਿਹਾ ਹੈ।
ਉਨ੍ਹਾਂ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਵਿੱਚ ਸ਼ਹੀਦ ਹੋਏ 750 ਕਿਸਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਇਨ੍ਹਾਂ ਸ਼ਹੀਦਾਂ ਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸੂਬੇ ਦੇ ਕਾਰੋਬਾਰ ਤਬਾਹ ਕਰ ਦਿੱਤੇ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੱਤੀ, ਪਰ ਹੁਣ ‘ਆਪ’ ਸਰਕਾਰ ਨੇ ਇਨ੍ਹਾਂ ਰਸੂਖਵਾਨਾਂ ਨੂੰ ਸਲਾਖਾਂ ਪਿੱਛੇ ਡੱਕ ਕੇ ਇਨਸਾਫ਼ ਯਕੀਨੀ ਬਣਾਇਆ ਹੈ।
CM ਮਾਨ ਨੇ ਦਾਅਵਾ ਕੀਤਾ ਕਿ ਸਾਲ 2027 ਵਿੱਚ ਵੀ ਆਮ ਆਦਮੀ ਪਾਰਟੀ ਹੀ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਹੋਣ ਕਾਰਨ ਵਿਰੋਧੀ ਬੌਖਲਾ ਗਏ ਹਨ ਅਤੇ ਉਨ੍ਹਾਂ ਕੋਲ ਚੋਣਾਂ ਵਿੱਚ ਲੋਕਾਂ ਕੋਲ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ। ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 65,000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।
ਸਿਹਤ ਖੇਤਰ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ 65 ਲੱਖ ਪਰਿਵਾਰ ਹੁਣ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਯੋਗ ਹਨ। ਸਿੱਖਿਆ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੇ ਕੇਰਲਾ ਨੂੰ ਪਛਾੜ ਕੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਖੇਤੀਬਾੜੀ ਲਈ ਨਹਿਰੀ ਪਾਣੀ ਦੀ ਵਰਤੋਂ 21% ਤੋਂ ਵਧ ਕੇ 68% ਹੋ ਗਈ ਹੈ ਅਤੇ 18,349 ਖਾਲਿਆਂ ਨੂੰ ਮੁੜ ਬਹਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਨਿੱਜੀ ਥਰਮਲ ਪਲਾਂਟ ਖਰੀਦ ਕੇ ਉਸਦਾ ਨਾਮ ‘ਸ਼੍ਰੀ ਗੁਰੂ ਅਮਰਦਾਸ ਜੀ’ ਦੇ ਨਾਮ ‘ਤੇ ਰੱਖਿਆ ਹੈ, ਜੋ ਸੂਬੇ ਲਈ ਮਾਣ ਵਾਲੀ ਗੱਲ ਹੈ।
ਅੰਤ ਵਿੱਚ, ਮੁੱਖ ਮੰਤਰੀ ਨੇ ਧੂਰੀ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਲੋਕਾਂ ਦਾ ਪੁੱਤਰ ਅਤੇ ਭਰਾ ਸਮਝਦੇ ਹਨ ਅਤੇ ਪੰਜਾਬ ਦੀ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਗੋਇਲ ਸਮੇਤ ਹੋਰ ਕਈ ਪ੍ਰਮੁੱਖ ਆਗੂ ਮੌਜੂਦ ਸਨ।
Read More : ਮੁੱਖ ਮੰਤਰੀ ਮਾਨ ਵੱਲੋਂ ਧੂਰੀ ਵਿਖੇ 21.65 ਕਰੋੜ ਦੇ ਅਤਿ-ਆਧੁਨਿਕ ਹਸਪਤਾਲ ਦਾ ਉਦਘਾਟਨ
