ਪੁਲਸ ਨੂੰ ਮਿਲਿਆ ਖ਼ੁਦਕੁਸ਼ੀ ਨੋਟ; ਲਿਖਿਆ- ਪਰਿਵਾਰ ਜਾਂ ਦਫ਼ਤਰ ਦਾ ਕੋਈ ਦਬਾਅ ਨਹੀਂ ਸੀ
ਚੰਡੀਗੜ੍ਹ, 25 ਫਰਵਰੀ: ਹਰਿਆਣਾ ਸਕੱਤਰੇਤ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਈ.ਏ.ਐੱਸ. ਅਧਿਕਾਰੀ ਦੇ ਵਿਸ਼ੇਸ਼ ਨਿੱਜੀ ਸਕੱਤਰ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗਣੇਸ਼ ਦਾਸ ਅਰੋੜਾ ਵਜੋਂ ਹੋਈ ਹੈ। ਉਹ ਹਰਿਆਣਾ ਦੇ 2019 ਕੇਡਰ ਦੇ ਆਈ.ਏ.ਐੱਸ. ਅਧਿਕਾਰੀ ਹਿਤੇਸ਼ ਕੁਮਾਰ ਮੀਨਾ ਦੇ ਵਿਸ਼ੇਸ਼ ਨਿੱਜੀ ਸਕੱਤਰ ਵਜੋਂ ਤਾਇਨਾਤ ਸੀ ਤੇ ਜ਼ੀਰਕਪੁਰ ਦੇ ਸੁਸ਼ਮਾ ਇਨਕਲੇਵ ਦਾ ਰਹਿਣ ਵਾਲਾ ਸੀ। ਸੂਚਨਾ ਮਿਲਦਿਆਂ ਹੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਤੁਰੰਤ ਸੈਕਟਰ-16 ਹਸਪਤਾਲ ਪਹੁੰਚੇ।
ਸੈਕਟਰ-3 ਪੁਲਸ ਨੇ ਮਾਮਲੇ ਦੀ ਹਰ ਪਹਿਲੂ ਤੋਂ ਸਮੀਖਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਸ ਨੂੰ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ’ਤੇ ਪਰਿਵਾਰ ਜਾਂ ਦਫ਼ਤਰ ਦਾ ਕੋਈ ਦਬਾਅ ਨਹੀਂ ਸੀ। ਚਸ਼ਮਦੀਦਾਂ ਅਨੁਸਾਰ ਇਹ ਘਟਨਾ ਬੁੱਧਵਾਰ ਦੁਪਹਿਰ 12:24 ਵਜੇ ਦੇ ਕਰੀਬ ਵਾਪਰੀ।
ਗਣੇਸ਼ ਅਰੋੜਾ ਆਪਣੇ ਦਫਤਰ ’ਚ ਆਮ ਵਾਂਗ ਕੰਮ ਕਰ ਰਹੇ ਸਨ। ਅਚਾਨਕ ਉਹ ਆਪਣੀ ਕੁਰਸੀ ਤੋਂ ਉੱਠੇ ਤੇ ਕਿਸੇ ਨੂੰ ਦੱਸੇ ਬਿਨਾਂ ਸਕੱਤਰੇਤ ਦੀ ਛੇਵੀਂ ਮੰਜ਼ਿਲ ਦੀ ਬਾਲਕੋਨੀ ’ਚ ਚਲੇ ਗਏ। ਉੱਥੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਜਾਂ ਸਾਥੀਆਂ ਦੇ ਕੁਝ ਸਮਝਣ ਤੋਂ ਪਹਿਲਾਂ ਉਨ੍ਹਾਂ ਨੇ ਛਾਲ ਮਾਰ ਦਿੱਤੀ। ਡਿੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸਾਲ ਅਕਤੂਬਰ ’ਚ ਹੋਣਾ ਸੀ ਸੇਵਾਮੁਕਤ
ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗਣੇਸ਼ ਦਾਸ ਅਰੋੜਾ ਕੁਝ ਸਮੇਂ ਤੋਂ ਵਿਭਾਗ (ਸ਼ਾਖਾ) ਬਦਲਣ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਇਹ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਸ ਮਾਨਸਿਕ ਤਣਾਅ ਕਾਰਨ ਉਨ੍ਹਾਂ ਇਹ ਗੰਭੀਰ ਕਦਮ ਚੁੱਕਿਆ ਹੋਵੇ। ਉਹ ਇਸ ਸਾਲ ਅਕਤੂਬਰ ’ਚ ਸੇਵਾਮੁਕਤ ਹੋਣ ਵਾਲੇ ਸਨ।
Read More : 52.6 ਲੱਖ ਵਿਦਿਆਰਥੀਆਂ ਤੇ ਅਧਿਆਪਕਾਂ ਨੇ ‘ਹਿੰਦ ਦੀ ਚਾਦਰ’ ਗਾ ਕੇ ਬਣਾਇਆ ਵਿਸ਼ਵ ਰਿਕਾਰਡ
