ਚੰਡੀਗੜ੍ਹ, 5 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੁਕਮ ਨੂੰ ਸਿਰ ਮੱਥੇ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਕਿਸੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਇਕ ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣਗੇ।
ਮੁੱਖ ਮੰਤਰੀ ਨੇ ਇਹ ਗੱਲ ਆਪਣੇ ਸੋਸ਼ਲ ਅਕਾਊਂਟ ਐਕਸ ’ਤੇ ਸਾਂਝੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਸ ਪਾਵਨ ਤਖ਼ਤ ਤੋਂ ਆਇਆ ਹਰ ਹੁਕਮ ਉਨ੍ਹਾਂ ਲਈ ਸਰਵਉੱਚ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਤਿਕਾਰ ਪਹਿਲਾਂ ਵੀ ਸੀ ਅਤੇ ਭਵਿੱਖ ਵਿਚ ਵੀ ਹਮੇਸ਼ਾ ਰਹੇਗਾ।
ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ 15 ਜਨਵਰੀ ਨੂੰ ਮਾਣਯੋਗ ਰਾਸ਼ਟਰਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋ ਰਹੀ ਕਾਨਫਰੰਸ ’ਚ ਸ਼ਮੂਲੀਅਤ ਕਰਨ ਦੇ ਕਾਰਜਕ੍ਰਮ ਲਈ ਪਹਿਲਾਂ ਹੀ ਮੁਆਫੀ ਮੰਗਦੇ ਹਨ।
ਉਨ੍ਹਾਂ ਕਿਹਾ ਕਿ ਉਸ ਦਿਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਨਾ ਆਪਣਾ ਸਭ ਤੋਂ ਵੱਡਾ ਫ਼ਰਜ਼ ਸਮਝਦੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਮੌਰ ਹੈ ਤੇ ਧਾਰਮਿਕ ਮਰਿਆਦਾ ਦੇ ਅੱਗੇ ਕੋਈ ਵੀ ਸਰਕਾਰੀ ਅਹੁਦਾ ਵੱਡਾ ਨਹੀਂ।
ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਅਤੇ ਧਾਰਮਿਕ ਹਲਕਿਆਂ ’ਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕਈ ਧਾਰਮਿਕ ਆਗੂਆਂ ਵੱਲੋਂ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਪ੍ਰਤੀ ਸਤਿਕਾਰ ਦੱਸਿਆ ਜਾ ਰਿਹਾ ਹੈ।
Read More : ਕੰਧ ਪਾੜ ਕੇ ਦੁਕਾਨਾਂ ’ਚ ਜਾ ਵੜਿਆ ਆਲੂਆਂ ਨਾਲ ਲੱਦਿਆ ਕੈਂਟਰ
