ਚਾਂਦੀ 3 ਦਿਨਾਂ ’ਚ 2,40,500 ਰੁਪਏ ਟੁੱਟੀ ਅਤੇ ਸੋਨਾ 20,200 ਰੁਪਏ ਹੋਇਆ ਸਸਤਾ
ਨਵੀਂ ਦਿੱਲੀ, 2 ਫਰਵਰੀ : ਚਾਂਦੀ ਦੀਆਂ ਕੀਮਤਾਂ ਜਿਸ ਤੇਜ਼ੀ ਨਾਲ ਵਧੀਆਂ ਸਨ, ਹੁਣ ਉਸ ਤੋਂ ਵੀ ਵੱਧ ਤੇਜ਼ੀ ਨਾਲ ਹੇਠਾਂ ਆ ਰਹੀਆਂ ਹਨ। ਘਰੇਲੂ ਬਾਜ਼ਾਰ ਵਿੱਚ ਚਾਂਦੀ ਨੂੰ 3 ਲੱਖ ਤੋਂ 4 ਲੱਖ ਰੁਪਏ ਤੱਕ ਪਹੁੰਚਣ (1 ਲੱਖ ਰੁਪਏ ਦੇ ਵਾਧੇ) ਲਈ ਜਿੱਥੇ 10 ਦਿਨ ਲੱਗੇ ਸਨ, ਉੱਥੇ ਹੀ ਸਿਰਫ਼ 3 ਦਿਨਾਂ ਵਿੱਚ ਇਸ ਦੀ ਕੀਮਤ 2,40,500 ਰੁਪਏ ਤੱਕ ਡਿੱਗ ਗਈ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਚਾਂਦੀ ਆਪਣੇ ‘ਆਲ ਟਾਈਮ ਹਾਈ’ ਪੱਧਰ ਤੋਂ 50 ਡਾਲਰ ਤੱਕ ਹੇਠਾਂ ਆ ਚੁੱਕੀ ਹੈ। ਚਾਂਦੀ ਦੇ ਨਾਲ-ਨਾਲ ਸੋਨੇ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ 20,200 ਰੁਪਏ ਸਸਤਾ ਹੋ ਕੇ 1,51,600 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ।
ਐੱਮ.ਸੀ.ਐਕਸ. ’ਤੇ ਚਾਂਦੀ 46 ਫ਼ੀਸਦੀ ਤੋਂ ਵੱਧ ਟੁੱਟੀ
ਘਰੇਲੂ ਬਾਜ਼ਾਰ ਐੱਮ.ਸੀ.ਐਕਸ. (MCX) ’ਤੇ ਚਾਂਦੀ ਦੇ ਮਾਰਚ ਇਕਰਾਰਨਾਮੇ ਨੇ 29 ਜਨਵਰੀ ਨੂੰ 4,20,048 ਰੁਪਏ ਪ੍ਰਤੀ ਕਿਲੋ ਦਾ ਸਭ ਤੋਂ ਉੱਚਾ ਪੱਧਰ ਛੋਹਿਆ ਸੀ। ਉਦੋਂ ਤੋਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ ਅਤੇ ਅੱਜ ਇਹ 2,25,805 ਰੁਪਏ ਦੇ ਹੇਠਲੇ ਪੱਧਰ ਤੱਕ ਚਲੀ ਗਈ। ਇਸ ਤਰ੍ਹਾਂ ਚਾਂਦੀ ਆਪਣੇ ਉੱਚ ਪੱਧਰ ਤੋਂ 46.24 ਫ਼ੀਸਦੀ ਤੱਕ ਟੁੱਟ ਚੁੱਕੀ ਹੈ। ਖ਼ਬਰ ਲਿਖੇ ਜਾਣ ਤੱਕ ਬਾਜ਼ਾਰ ਵਿੱਚ ਕੁਝ ਸੁਧਾਰ ਹੋਇਆ ਅਤੇ ਇਹ 2,58,480 ਰੁਪਏ ਪ੍ਰਤੀ ਕਿਲੋ ’ਤੇ ਕਾਰੋਬਾਰ ਕਰ ਰਹੀ ਸੀ।
ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ
ਅੰਤਰਰਾਸ਼ਟਰੀ ਬਾਜ਼ਾਰ ‘ਕਾਮੈਕਸ’ (COMEX) ’ਤੇ ਚਾਂਦੀ ਦਾ ਵਾਅਦਾ ਭਾਅ, ਜੋ 29 ਜਨਵਰੀ ਨੂੰ 121.79 ਡਾਲਰ ਦੇ ਇਤਿਹਾਸਕ ਉੱਚ ਪੱਧਰ ’ਤੇ ਸੀ, ਅੱਜ ਡਿੱਗ ਕੇ 71.20 ਡਾਲਰ ਪ੍ਰਤੀ ਅੌਂਸ ਤੱਕ ਪਹੁੰਚ ਗਿਆ। ਮਹਿਜ਼ 4 ਦਿਨਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚਾਂਦੀ 41.53 ਫ਼ੀਸਦੀ ਡਿੱਗੀ ਹੈ।
ਸੋਨੇ ਦੀਆਂ ਕੀਮਤਾਂ ਵਿੱਚ ਵੀ ਮੰਦਾ
ਸੋਨੇ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮ.ਸੀ.ਐਕਸ. ’ਤੇ ਸੋਨਾ 1,80,779 ਰੁਪਏ ਦੇ ਉੱਚ ਪੱਧਰ ਤੋਂ ਕਰੀਬ 24 ਫ਼ੀਸਦੀ ਡਿੱਗ ਕੇ 1,37,065 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਤੱਕ ਚਲਾ ਗਿਆ। ਬਾਅਦ ਵਿੱਚ ਬਾਜ਼ਾਰ ਸੰਭਲਿਆ ਅਤੇ ਇਹ 1,49,750 ਰੁਪਏ ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨਾ ਆਪਣੇ ਉੱਚ ਪੱਧਰ ਤੋਂ ਕਰੀਬ 20 ਫ਼ੀਸਦੀ (1,200 ਡਾਲਰ) ਤੱਕ ਟੁੱਟ ਚੁੱਕਾ ਹੈ।
Read More : 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਥੇਦਾਰ ਅਕਾਲ ਤਖ਼ਤ ਵੱਲੋਂ ਜ਼ਰੂਰੀ ਆਦੇਸ਼ ਜਾਰੀ
