ਘਰ ਦੇ ਬਾਹਰ ਸਰਕਾਰੀ ਹੁਕਮ ਚਿਪਕਾਏ ਅਤੇ ਕਾਰ ਵੀ ਕੀਤੀ ਜ਼ਬਤ
ਮੋਗਾ, 24 ਜੁਲਾਈ :-ਜ਼ਿਲਾ ਪੁਲਸ ਮੁਖੀ ਮੋਗਾ ਅਜੈ ਗਾਂਧੀ ਨੂੰ ਦੱਸਿਆ ਕਿ ਨਸ਼ਾ ਸਮੱਗਲਰਾਂ ਵੱਲੋਂ ਨਸ਼ੀਲੇ ਪਦਾਰਥ ਵੇਚ ਕੇ ਬਣਾਈ ਗਈ ਜ਼ਾਇਦਾਦ ਨੂੰ ਜ਼ਬਤ ਕਰਨ ਦੇ ਸਰਕਾਰੀ ਹੁਕਮਾਂ ’ਤੇ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ, ਅੱਜ ਬਾਘਾ ਪੁਰਾਣਾ ਵਿਚ ਇਕ ਕਥਿਤ ਨਸ਼ਾ ਸਮੱਗਲਰ ਔਰਤ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਸਰਕਾਰੀ ਹੁਕਮ ਦੀ ਇਕ ਕਾਪੀ ਉਸਦੇ ਘਰ ਦੇ ਬਾਹਰ ਚਿਪਕਾਈ ਗਈ ਅਤੇ ਪੁਲਸ ਨੇ ਉਸ ਦੀ ਕਾਰ ਵੀ ਜ਼ਬਤ ਕਰ ਲਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਬਾਘਾ ਪੁਰਾਣਾ ਦਲਬੀਰ ਸਿੰਘ ਅਤੇ ਥਾਣਾ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਮਹਿਲਾ ਸਮੱਗਲਰ ਰਜਨੀ ਬਾਲਾ ਵਾਸੀ ਜੱਸੋਵਾਲ ਵਾਲੀ ਗਲੀ ਬਾਘਾ ਪੁਰਾਣਾ ਖ਼ਿਲਾਫ਼ 260 ਗ੍ਰਾਮ ਹੈਰੋਇਨ ਮਿਲਣ ਤੋਂ ਬਾਅਦ 4 ਅਪ੍ਰੈਲ 2015 ਨੂੰ ਬਾਘਾ ਪੁਰਾਣਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖ਼ਿਲਾਫ਼ 4 ਹੋਰ ਮਾਮਲੇ ਵੀ ਦਰਜ ਹਨ। ਐਕਟ ਤਹਿਤ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਪਤਾ ਲੱਗਾ ਹੈ ਕਿ ਪੁਲਸ ਥਾਣਾ ਨੂਰਮਹਿਲ ਜਲੰਧਰ ਵਿਚ ਵੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਲਸ ਥਾਣਾ ਬਾਘਾ ਪੁਰਾਣਾ ਵਿਚ ਦਰਜ ਮਾਮਲੇ ਵਿਚ, ਕਥਿਤ ਸਮੱਗਲਰ ਔਰਤ ਨੂੰ ਮਾਣਯੋਗ ਅਦਾਲਤ ਨੇ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਨੇ ਅਧਿਕਾਰਤ ਅਥਾਰਟੀ ਨਵੀਂ ਦਿੱਲੀ ਨੂੰ ਪੱਤਰ ਲਿਖਿਆ ਸੀ ਤਾਂ ਜੋ ਨਸ਼ਾ ਸਮੱਗਲਿੰਗ ਤੋਂ ਬਣੀ ਉਸਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮ ਮਿਲਣ ’ਤੇ ਅੱਜ ਉਸਦੀ 6 ਮਰਲੇ ਦੀ ਕੋਠੀ (ਘਰ) ਨੂੰ ਸੀਲ ਕਰ ਦਿੱਤਾ ਗਿਆ ਅਤੇ ਉਸਦੀ ਕਾਰ ਵੀ ਜ਼ਬਤ ਕਰ ਲਈ ਗਈ।
ਇਸ ਮੌਕੇ ਤਹਿਸੀਲਦਾਰ ਬਾਘਾ ਪੁਰਾਣਾ ਅਤੇ ਹੋਰ ਮਾਲ ਅਧਿਕਾਰੀ ਵੀ ਮੌਜੂਦ ਸਨ। ਜ਼ਿਲਾ ਪੁਲਸ ਮੁਖੀ ਅਜੈ ਗਾਂਧੀ ਨੇ ਕਿਹਾ ਕਿ ਮੋਗਾ ਪੁਲਸ ਵੱਲੋਂ ਨਸ਼ਾ ਤਸਕਰੀ ਤੋਂ ਬਣੀਆਂ ਜਾਇਦਾਦਾਂ ਨੂੰ ਪਹਿਲਾਂ ਹੀ ਫ੍ਰੀਜ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਨਸ਼ਿਆਂ ਦਾ ਕਾਰੋਬਾਰ ਛੱਡ ਕੇ ਚੰਗਾ ਕੰਮ ਕਰਨ ਦੀ ਅਪੀਲ ਕੀਤੀ। ਡੀ. ਐੱਸ. ਪੀ. ਬਾਘਾਪੁਰਾਣਾ ਅਤੇ ਇੰਸਪੈਕਟਰ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਨਸ਼ਾ ਸਮੱਗਲਰਾਂ ਵਿਰੁੱਧ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ।
Read More : ਡੂੰਘੀ ਖੱਡ ਵਿਚ ਡਿੱਗੀ ਬੱਸ, 5 ਲੋਕਾਂ ਦੀ ਮੌਤ