ਪਟਿਆਲਾ ਦੇ NIS ਵਿਖੇ ਪਹਿਲੀ ਵਾਰ ਨੇਤਰਹੀਣ ਵਰਗ ਦੇ ਮੁਕਾਬਲੇ ਕਰਵਾ ਕੇ ਰਚਿਆ ਇਤਿਹਾਸ
ਪਟਿਆਲਾ, 1 ਫਰਵਰੀ- ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿਖੇ ਆਯੋਜਿਤ 7ਵੀਂ NTPC ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਇਕ ਨਵਾਂ ਅਤੇ ਪ੍ਰੇਰਨਾਦਾਇਕ ਅਧਿਆਇ ਜੁੜ ਗਿਆ ਹੈ। ਪੰਜਾਬ ਤੀਰਅੰਦਾਜ਼ੀ ਐਸੋਸੀਏਸ਼ਨ ਵੱਲੋਂ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਹਿਲੀ ਵਾਰ ਨੇਤਰਹੀਣ ਤੀਰਅੰਦਾਜ਼ਾਂ ਨੂੰ ਇਸ ਵੱਕਾਰੀ ਮੁਕਾਬਲੇ ਦਾ ਹਿੱਸਾ ਬਣਾਇਆ ਗਿਆ ਹੈ।
ਦੇਸ਼ ਭਰ ਤੋਂ ਆਏ ਨੇਤਰਹੀਣ ਐਥਲੀਟਾਂ ਨੇ ਵਿਸ਼ੇਸ਼ ਤਕਨੀਕਾਂ, ਆਡੀਓ ਸੰਕੇਤਾਂ ਅਤੇ ਕੋਚਾਂ ਦੇ ਮਾਰਗਦਰਸ਼ਨ ਰਾਹੀਂ ਸ਼ਾਨਦਾਰ ਨਿਸ਼ਾਨਾ ਸ਼ੁੱਧਤਾ ਦਾ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੰਜਾਬ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਨੇ ਦੱਸਿਆ ਕਿ ਇਸ ਦਾ ਉਦੇਸ਼ ਖੇਡਾਂ ’ਚ ਸਮਾਵੇਸ਼ੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਦਿਵਿਆਂਗ ਖਿਡਾਰੀਆਂ ਨੂੰ ਇਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰਨਾ ਹੈ।
ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਨਵਜੋਤ ਸਿੰਘ ਨੇ ਕਿਹਾ ਕਿ ਇਨ੍ਹਾਂ ਐਥਲੀਟਾਂ ਨੇ ਸਾਬਤ ਕਰ ਦਿੱਤਾ ਹੈ ਕਿ ਖੇਡਾਂ ਸਿਰਫ਼ ਅੱਖਾਂ ਨਾਲ ਨਹੀਂ, ਸਗੋਂ ਇਕਾਗਰਤਾ ਅਤੇ ਆਤਮ-ਵਿਸ਼ਵਾਸ ਨਾਲ ਜਿੱਤੀਆਂ ਜਾਂਦੀਆਂ ਹਨ। ਬਹੁਤ ਸਾਰੇ ਖਿਡਾਰੀਆਂ ਨੇ ਸ਼ੁਰੂਆਤੀ ਦੌਰ ’ਚ ਹੀ ਪ੍ਰਭਾਵਸ਼ਾਲੀ ਸਕੋਰ ਬਣਾ ਕੇ ਭਵਿੱਖ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ।
ਇਸ ਮੌਕੇ ਓਲੰਪੀਅਨ ਸੰਜੀਵ ਸਿੰਘ, ਉਦਯੋਗਪਤੀ ਵਰਿੰਦਰ ਕਟਾਰੀਆ ਅਤੇ ਓਲੰਪੀਅਨ ਸੱਤਿਆਦੇਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਤਗਮੇ ਵੰਡੇ। ਖੇਡ ਪ੍ਰੇਮੀਆਂ ਅਨੁਸਾਰ ਇਹ ਪਹਿਲ ਭਵਿੱਖ ’ਚ ਦਿਵਿਆਂਗ ਖਿਡਾਰੀਆਂ ਨੂੰ ਮੁੱਖ ਧਾਰਾ ਦੀਆਂ ਖੇਡਾਂ ਨਾਲ ਜੋੜਨ ਲਈ ਮੀਲ ਪੱਥਰ ਸਾਬਤ ਹੋਵੇਗੀ। ਇਹ ਇਤਿਹਾਸਕ ਸ਼ਮੂਲੀਅਤ ਸੰਦੇਸ਼ ਦਿੰਦੀ ਹੈ ਕਿ ਹਿੰਮਤ ਅੱਗੇ ਕੋਈ ਵੀ ਰੁਕਾਵਟ ਵੱਡੀ ਨਹੀਂ ਹੁੰਦੀ।
Read More : ਹਲਵਾਰਾ ਹਵਾਈ ਅੱਡੇ ’ਤੇ ਉਡਾਣਾਂ ਦੇ ਨਾਲ ਹੀ ਸ਼ੁਰੂ ਹੋਵੇ ਕਾਰਗੋ ਟਰਮੀਨਲ : ਰਵਨੀਤ ਬਿੱਟੂ
