Ranjit Singh encounter case

ਰਣਜੀਤ ਸਿੰਘ ਐਨਕਾਊਂਟਰ ਮਾਮਲੇ ’ਚ ਹਾਈਕੋਰਟ ਸਖ਼ਤ, ਡੀ.ਜੀ.ਪੀ. ਤੋਂ ਮੰਗਿਆ ਜਵਾਬ

ਪੁੱਛਿਆ- ਹਰ ਪੁਲਸ ਮੁਕਾਬਲੇ ’ਚ ਇੱਕੋ ਜਿਹਾ ਪੈਟਰਨ ਕਿਉਂ? ਵਿਸਥਾਰਤ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼

ਚੰਡੀਗੜ੍ਹ/ਗੁਰਦਾਸਪੁਰ, 5 ਮਾਰਚ : ਗੁਰਦਾਸਪੁਰ ਪੁਲਸ ਮੁਕਾਬਲੇ ਵਿੱਚ 19 ਸਾਲਾ ਰਣਜੀਤ ਸਿੰਘ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਦੋ ਹਫ਼ਤਿਆਂ ਅੰਦਰ ਜਵਾਬ ਦਾਇਰ ਕਰਨ ਦਾ ਹੁਕਮ ਦਿੰਦਿਆਂ ਸਵਾਲ ਕੀਤਾ ਕਿ ਹਰ ਪੁਲਸ ਮੁਕਾਬਲੇ ਵਿੱਚ ਇੱਕੋ ਜਿਹਾ ਪੈਟਰਨ ਕਿਉਂ ਦਿਖਾਈ ਦਿੰਦਾ ਹੈ? ਅਦਾਲਤ ਨੇ ਟਿੱਪਣੀ ਕੀਤੀ ਕਿ ਅਜਿਹੇ ਗੰਭੀਰ ਮਾਮਲਿਆਂ ਵਿੱਚ ਉਹ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀ।

ਇਹ ਮਾਮਲਾ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਅਤੇ ਗੁਰਦਾਸਪੁਰ ਐਨਕਾਊਂਟਰ ਨਾਲ ਸਬੰਧਤ ਸੂ-ਮੋਟੂ ਨੋਟਿਸ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ। ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਡੀ.ਜੀ.ਪੀ. ਨੂੰ ਅਦਾਲਤ ਨੇ ਕਈ ਤਿੱਖੇ ਸਵਾਲ ਕੀਤੇ।

ਅਦਾਲਤ ਵੱਲੋਂ ਉਠਾਏ ਗਏ ਅਹਿਮ ਸਵਾਲ

ਕੋਈ ਅਪਰਾਧਿਕ ਰਿਕਾਰਡ ਨਹੀਂ: ਅਦਾਲਤ ਵੱਲੋਂ ਨਿਯੁਕਤ ਐਮਿਕਸ ਕਿਊਰੀ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਸੀ। ਸੂਬਾ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਦੋ ਪੁਲਸ ਮੁਲਾਜ਼ਮਾਂ ਦੀ ਹੱਤਿਆ ਕੀਤੀ ਸੀ, ਜਿਸ ‘ਤੇ ਅਦਾਲਤ ਨੇ ਠੋਸ ਸਬੂਤ ਮੰਗੇ ਹਨ।

ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ : ਏ.ਜੀ.ਟੀ.ਐੱਫ. ਦੇ ਡੀ.ਆਈ.ਜੀ. ਗੁਰਮੀਤ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਧੀ ਰਾਤ ਨੂੰ ਹਥਿਆਰਾਂ ਦੀ ਬਰਾਮਦੀ ਲਈ ਲਿਜਾਇਆ ਗਿਆ ਸੀ, ਜਿੱਥੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਸਵਾਲ ਕੀਤਾ ਕਿ ਜੇਕਰ ਉਹ ਹਿਰਾਸਤ ਵਿੱਚ ਸੀ, ਤਾਂ ਅਜਿਹੀ ਸਥਿਤੀ ਕਿਵੇਂ ਬਣੀ ਅਤੇ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਕੀ ਕਾਰਵਾਈ ਹੋਈ?

ਘਟਨਾਵਾਂ ਦੀ ਸਮੀਖਿਆ : ਐਮਿਕਸ ਕਿਊਰੀ ਨੇ ਮੋਹਾਲੀ ਦੇ ਰਾਣਾ ਬਲਾਚੌਰੀਆ ਕਤਲ ਮਾਮਲੇ ਵਿੱਚ ਵੀ ਅਜਿਹੇ ਹੀ ਪੈਟਰਨ ਦੀਆਂ ਘਟਨਾਵਾਂ ਵੱਲ ਅਦਾਲਤ ਦਾ ਧਿਆਨ ਦਿਵਾਇਆ।

ਸੀ.ਬੀ.ਆਈ. ਹਵਾਲੇ ਹੋ ਸਕਦੀ ਹੈ ਜਾਂਚ

ਰਣਜੀਤ ਸਿੰਘ ਦੀ ਮਾਂ ਸੁਖਜਿੰਦਰ ਕੌਰ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਇਸ ਐਨਕਾਊਂਟਰ ਨੂੰ ਗ਼ੈਰ-ਕਾਨੂੰਨੀ ਅਤੇ ਮਨਮਰਜ਼ੀ ਵਾਲਾ ਦੱਸਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਪੁਲਸ ਤੋਂ ਵੱਖਰੀ ਇਕ ਵਿਸ਼ੇਸ਼ ਜਾਂਚ ਟੀਮ (SIT) ਜਾਂ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਪਟੀਸ਼ਨ ਵਿੱਚ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦਾ ਬਦਲ ਵੀ ਦਿੱਤਾ ਗਿਆ ਹੈ ਤਾਂ ਜੋ ਪਾਰਦਰਸ਼ੀ ਪੜਤਾਲ ਹੋ ਸਕੇ।

ਡੀ.ਜੀ.ਪੀ. ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇਕ ਐੱਸ.ਆਈ.ਟੀ. ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਹੁਣ ਇਸ ਪੂਰੇ ਮਾਮਲੇ ਦੀ ਵਿਸਥਾਰਤ ਸਟੇਟਸ ਰਿਪੋਰਟ ਮੰਗੀ ਹੈ ਅਤੇ ਅਗਲੀ ਸੁਣਵਾਈ 17 ਮਾਰਚ ਲਈ ਤੈਅ ਕੀਤੀ ਹੈ।

Read More : ਸਰਦੂਲਗੜ੍ਹ ਕਤਲ ਕਾਂਡ ਦੀ ਗੁੱਥੀ ਸੁਲਝੀ, ਗੁਆਂਢੀ ਹੀ ਨਿਕਲਿਆ ਕਾਤਲ

Leave a Reply

Your email address will not be published. Required fields are marked *