ਕਿਹਾ-ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਿਰਫ਼ ਦਰਦ ਦਿੱਤਾ
ਚੰਡੀਗੜ੍ਹ, 6 ਫਰਵਰੀ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਹੁਲ ਗਾਂਧੀ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਵਰਤੀ ਗਈ ਸ਼ਬਦਾਵਲੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਸ਼ਬਦਾਂ ਨੇ ਸਾਬਤ ਕਰ ਦਿੱਤਾ ਹੈ ਕਿ ਗਾਂਧੀ ਪਰਿਵਾਰ ਅਤੇ ਕਾਂਗਰਸ ਦੀ ਸੋਚ ਅੱਜ ਵੀ 1984 ਵਾਲੀ ਹੀ ਹੈ, ਜੋ ਨਫ਼ਰਤ, ਵੰਡ ਤੇ ਪੰਜਾਬ ਵਿਰੋਧੀ ਮਾਨਸਿਕਤਾ ਨਾਲ ਭਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਜੋ ਨਫ਼ਰਤ ਦਾ ਬੀਜ ਕਾਂਗਰਸ ਨੇ ਦੇਸ਼ ’ਚ ਬੀਜਿਆ ਸੀ, ਉਹ ਅੱਜ ਵੀ ਉਸੇ ਤਰ੍ਹਾਂ ਫਲ-ਫੁੱਲ ਰਿਹਾ ਹੈ। ਰਾਹੁਲ ਗਾਂਧੀ ਵੱਲੋਂ ਪੰਜਾਬ ਦੀ ਅਗਵਾਈ ਕਰ ਰਹੇ ਸਿੱਖ ਤੇ ਕੇਂਦਰੀ ਮੰਤਰੀ ਲਈ ਅਜਿਹੀ ਭਾਸ਼ਾ ਵਰਤਣਾ ਕਾਂਗਰਸ ਦੀ ਅਸਲੀ ਸੋਚ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਗਾਂਧੀ ਪਰਿਵਾਰ ਦੀ ਰਾਜਨੀਤੀ ਨੇ ਪੰਜਾਬ ਨੂੰ ਸਿਰਫ਼ ਦਰਦ ਤੇ ਜ਼ਖ਼ਮ ਹੀ ਦਿੱਤੇ ਹਨ, ਪੰਜਾਬ ਦੀ ਵੰਡ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ, 1984 ਦੇ ਸਿੱਖ ਵਿਰੋਧੀ ਦੰਗੇ ਤੇ ਹੁਣ ਇਕ ਪੰਜਾਬੀ ਨੇਤਾ ਦੀ ਤੌਹੀਨ ਇਸ ਦੀਆਂ ਸਪੱਸ਼ਟ ਉਦਾਹਰਨਾਂ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਿੱਖ ਕੌਮ ਗੱਦਾਰ ਨਹੀਂ ਸਗੋਂ ਦੇਸ਼ਭਗਤ ਹਨ ਤੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਹਰ ਮੋਰਚੇ ’ਤੇ ਅੱਗੇ ਰਹਿ ਕੇ ਕੁਰਬਾਨੀਆਂ ਦਿੰਦੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਗਾਂਧੀ ਪਰਿਵਾਰ ਸਾਲਾਂ ਤੱਕ ਸੱਤਾ ਦੇ ਸੁੱਖ ਭੋਗਦਾ ਰਿਹਾ ਪਰ ਉਸ ਦੇ ਬਾਵਜੂਦ ਅੱਜ ਵੀ ਪੰਜਾਬ ਤੇ ਪੰਜਾਬੀਆਂ ਪ੍ਰਤੀ ਨਫ਼ਰਤ ਭਰੀ ਭਾਸ਼ਾ ਵਰਤੀ ਜਾ ਰਹੀ ਹੈ।
ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਤੁਰੰਤ ਬਿਨਾਂ ਕਿਸੇ ਸ਼ਰਤ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨੇ ਜਨਤਾ ਅੱਗੇ ਆਪਣਾ ਚਿਹਰਾ ਬਚਾਉਣਾ ਹੈ ਤਾਂ ਉਸ ਨੂੰ ਨਫ਼ਰਤ ਤੇ ਵੰਡ ਦੀ ਰਾਜਨੀਤੀ ਤੁਰੰਤ ਛੱਡਣੀ ਪਵੇਗੀ।
Read More : ਗਲੋਬਲ ਚੁਣੌਤੀਆਂ ਦੇ ਹੱਲ ਲਈ ਭਾਰਤ ਬਣਿਆ ਆਸ ਦੀ ਕਿਰਨ : ਮੋਦੀ
