ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ; ਕਿਹਾ-ਮੈਂ ਮੁੱਖ ਮੰਤਰੀ ਵਜੋਂ ਨਹੀਂ, ਪਰਿਵਾਰ ਦੇ ਮੈਂਬਰ ਵਜੋਂ ਆਇਆ ਹਾਂ
ਦੀਨਾਨਗਰ, 1 ਮਾਰਚ : ਦੀਨਾਨਗਰ ਦੇ ਇਕ ਪੈਲੇਸ ਵਿਖੇ ਸੈਣੀ ਸਮਾਜ ਵੱਲੋਂ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੈਣੀ ਸਮਾਜ ਦੇ ਰਾਸ਼ਟਰੀ ਪ੍ਰਧਾਨ ਦਿਲਬਾਗ ਸਿੰਘ ਸੈਣੀ, ਪੰਜਾਬ ਪ੍ਰਧਾਨ ਲਵਲੀਨ ਸਿੰਘ ਸੈਣੀ ਅਤੇ ਦਿੱਲੀ ਸੈਣੀ ਸਮਾਜ ਦੇ ਮਹਾਸਚਿਵ ਰਾਜਕੁਮਾਰ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਦੀਨਾਨਗਰ ਇਕਾਈ ਦੇ ਪ੍ਰਧਾਨ ਜਗਦੀਸ਼ ਰਾਜ ਸੈਣੀ ਨੇ ਸਵਾਗਤ ਭਾਸ਼ਣ ਰਾਹੀਂ ਸਮਾਜਿਕ ਸੇਵਾ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਦੀਨਾਨਗਰ ਦੀ ਪਵਿੱਤਰ ਧਰਤੀ ’ਤੇ ਆ ਕੇ ਉਹ ਗੌਰਵ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਇੱਥੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਪਰਿਵਾਰ ਦੇ ਇਕ ਮੈਂਬਰ ਵਜੋਂ ਪਹੁੰਚੇ ਹਨ। ਉਨ੍ਹਾਂ ਪਿਛਲੇ ਸਾਲ ਆਈ ਹੜ੍ਹ ਵਰਗੀ ਕੁਦਰਤੀ ਆਫ਼ਤ ਦੌਰਾਨ ਸੈਣੀ ਸਮਾਜ ਵੱਲੋਂ ਨਿਭਾਈ ਗਈ ਮਿਸਾਲੀ ਭੂਮਿਕਾ ਦੀ ਰੱਜ ਕੇ ਸ਼ਲਾਘਾ ਕੀਤੀ। ਸਮਾਗਮ ਦੌਰਾਨ ਦੇਸ਼ ਲਈ ਕੁਰਬਾਨੀ ਦੇਣ ਵਾਲੇ ਖੇਤਰ ਦੇ ਛੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ’ਚ ਪੰਜਾਬ ਦੇ ਵੱਖ-ਵੱਖ ਜ਼ਿਲਾ ਹੈੱਡਕੁਆਰਟਰਾਂ ਤੋਂ ਵੱਡੀ ਗਿਣਤੀ ’ਚ ਲੋਕ ਪਹੁੰਚੇ। ਇਨ੍ਹਾਂ ਵਿੱਚ ਰਘੁਵੀਰ ਸਿੰਘ ਸੈਣੀ, ਰਾਜਿੰਦਰ ਸੈਣੀ, ਦਿਲਬਾਗ ਸਿੰਘ ਸੈਣੀ ਐਡਵੋਕੇਟ, ਪਰਮਿੰਦਰ ਸੈਣੀ, ਰਵਿੰਦਰ ਵਿੱਕੀ, ਪ੍ਰਵੀਨ ਸੈਣੀ, ਨਵਨੀਤ ਸੈਣੀ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ। ਅੰਤ ’ਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Read More : ਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ; ਪੁਲਿਸ ਨੇ ਬਲਦੀ ਚਿਤਾ ’ਚੋਂ ਕੱਢੀ ਲਾਸ਼
