ਪ੍ਰਸ਼ਾਸਨਿਕ ਅਧਿਕਾਰੀਆਂ ਨੇ ਐੱਨ. ਡੀ. ਆਰ. ਐੱਫ. ਦੀ ਸਹਾਇਤਾਂ ਨਾਲ 4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਮੌਸਮ ਦੀ ਸਥਿਤੀ ਨੂੰ ਵੇਖਦਿਆਂ ਮਣੀਮਹੇਸ਼ ਯਾਤਰਾ ’ਤੇ ਅਗਲੇ ਹੁਕਮਾਂ ਤੱਕ ਲਗਾਈ ਰੋਕ
ਪਠਾਨਕੋਟ, 25 ਅਗਸਤ : ਜ਼ਿਲਾ ਪਠਾਨਕੋਟ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਰਾਵੀ ਦਰਿਆ, ਉਜ ਦਰਿਆ, ਜਲਾਲੀਆ, ਚੱਕੀ ਖਾਲ ਅਤੇ ਹੋਰ ਨਾਲਿਆਂ ’ਚ ਪਾਣੀ ਦਾ ਪੱਧਰ ਬੇਹੱਦ ਵੱਧ ਗਿਆ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ ਕਿ ਉਹ ਦਰਿਆਵਾਂ ਅਤੇ ਨਾਲਿਆਂ ਦੇ ਕੰਢਿਆਂ ਤੋਂ ਦੂਰ ਰਹਿਣ।
ਅੱਜ ਸਵੇਰੇ ਰਣਜੀਤ ਸਾਗਰ ਡੈਮ ਸ਼ਾਹਪੁਰਕੰਢੀ ਤੋਂ ਵੱਡੀ ਮਾਤਰਾ ’ਚ ਪਾਣੀ ਛੱਡਿਆ ਗਿਆ, ਜਿਸ ਕਰ ਕੇ ਰਾਵੀ ’ਚ ਪਾਣੀ ਦਾ ਵਹਾਅ ਹੋਰ ਵੱਧ ਗਿਆ। ਇਸ ਦੌਰਾਨ ਸ਼ਾਹਪੁਰਕੰਢੀ ਦੇ ਨੇੜੇ ਪਿੰਡ ਰਾਜਪੂਰਾ ’ਚ ਇਕ ਗੁੱਜਰ ਪਰਿਵਾਰ ਪਾਣੀ ’ਚ ਫਸ ਗਿਆ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਪਠਾਨਕੋਟ ਆਦਿੱਤਿਆ ਉੱਪਲ ਵੱਲੋਂ ਤੁਰੰਤ ਐੱਨ. ਡੀ. ਆਰ. ਐੱਫ. ਦੀ ਟੀਮ ਨਾਲ ਸੰਪਰਕ ਕੀਤਾ।
ਜ਼ਿਲਾ ਮਾਲ ਅਫਸਰ ਪਵਨ ਕੁਮਾਰ ਅਤੇ ਬੀ. ਡੀ. ਪੀ. ਓ. ਜਸਬੀਰ ਕੌਰ ਦੀ ਦੇਖ-ਰੇਖ ਹੇਠ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਰਾਹਤ ਕਾਰਵਾਈ ਸ਼ੁਰੂ ਕੀਤੀ ਅਤੇ ਸਾਨੀ ਮੁਹੰਮਦ (68), ਰੇਸ਼ਮਾ (52), ਬੀਨਾ (28) ਅਤੇ ਮਾਸਟਰ ਸੁਲਤਾਨ ਅਲੀ (2) ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ। ਸਭ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਹੁਣ ਇਹ ਸਾਰੇ ਪਰਿਵਾਰਕ ਮੈਂਬਰ ਬਿਲਕੁਲ ਠੀਕ ਹਨ।
ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ’ਚ ਲੈਂਡਸਲਾਈਡ, ਰਸਤੇ ਬਲਾਕ ਹੋਣ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਮਣੀ ਮਹੇਸ਼ ਯਾਤਰਾ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਇਹ ਫੈਸਲਾ ਜ਼ਿਲਾ ਚੰਬਾ ਦੇ ਮੈਜਿਸਟਰੇਟ-ਕਮ-ਚੇਅਰਮੈਨ ਡਿਜਾਸਟਰ ਮੈਨੇਜਮੈਂਟ ਅਥਾਰਟੀ ਚੰਬਾ, ਮੁਕੇਸ਼ ਰਿਪਸਵਾਲ ਵੱਲੋਂ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 30 ਤਹਿਤ ਲਿਆ ਗਿਆ।
ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਵਜ੍ਹਾ ਦਰਿਆਵਾਂ ਅਤੇ ਨਾਲਿਆਂ ਦੇ ਨੇੜੇ ਨਾ ਜਾਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ। ਸੰਭਾਵਿਤ ਹੜ੍ਹਾਂ ਦੀ ਸਥਿਤੀ ਨੂੰ ਵੇਖਦਿਆਂ ਜ਼ਿਲੇ ਅੰਦਰ ਦੋ ਸਥਾਨਾਂ ’ਤੇ ਸਰਨਾਰਥੀ ਕੈਂਪ ਬਣਾਏ ਗਏ ਹਨ। ਸ਼੍ਰੀ ਰਾਧਾ ਸਵਾਮੀ ਸਤਸੰਗ ਬਿਆਸ ਸੈਂਟਰ ਪਠਾਨਕੋਟ ਅਤੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਨੰਬਰ 0186-2346944 ਸਥਾਪਤ ਕੀਤਾ ਗਿਆ ਹੈ ਜੋ 24 ਘੰਟੇ ਚਾਲੂ ਹੈ। ਲੋਕ ਇਸ ਨੰਬਰ ‘ਤੇ ਸੰਪਰਕ ਕਰਕੇ ਕਿਸੇ ਵੀ ਸੰਕਟਮਈ ਸਥਿਤੀ ’ਚ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
Read More : ਮੰਡਿਆਲਾ ਹਾਦਸਾ ; ਮਰਨ ਵਾਲਿਆਂ ਦੀ ਗਿਣਤੀ 7 ਹੋਈ