ਇਕ ਕਿਲੋ ਤੋਂ ਵੱਧ ਹੈਰੋਇਨ ਸਮੇਤ ਚੜ੍ਹਿਆ ANTF ਦੇ ਹੱਥੇ
ਜਲੰਧਰ, 13 ਅਪ੍ਰੈਲ : ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਟਾਸਕ ਫੋਰਸ (ANTF) ਨੇ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ANTF ਦੀ ਜਲੰਧਰ ਰੇਂਜ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦਿਆਂ 1 ਕਿਲੋਗ੍ਰਾਮ 36 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ ਅਤੇ ਇੱਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਏਡੀਜੀਪੀ ਨੀਲਭ ਕਿਸ਼ੋਰ ਦੇ ਨਿਰਦੇਸ਼ਾਂ ਹੇਠ ਜਗਜੀਤ ਸਿੰਘ ਸਰੋਆ ਅਤੇ ਬਿਕਰਮਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਿੱਧਵਾਂ ਬੇਟ ਤੋਂ ਮਹਿਤਪੁਰ ਸੜਕ ‘ਤੇ ਬੀਟਲ ਅੱਡਾ ਪਿੰਡ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪਿੰਡ ਵੇਹਰਾਂ (ਮਹਿਤਪੁਰ) ਦੇ ਰਹਿਣ ਵਾਲੇ ਹਰਵਿੰਦਰ ਸਿੰਘ ਉਰਫ਼ ਗਿੰਦੀ ਨੂੰ ਕਾਬੂ ਕੀਤਾ ਗਿਆ।
ਏਆਈਜੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ 10ਵੀਂ ਪਾਸ ਹੈ ਅਤੇ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਸੀ। ਪੁੱਛਗਿੱਛ ਦੌਰਾਨ ਹਰਵਿੰਦਰ ਸਿੰਘ ਨੇ ਮੰਨਿਆ ਕਿ ਜਲਦੀ ਅਮੀਰ ਬਣਨ ਦੀ ਇੱਛਾ ਅਤੇ ਨਸ਼ਾ ਸਮੱਗਲਿੰਗ ਵਿਚ ਮਿਲਣ ਵਾਲੇ ਮੋਟੇ ਮੁਨਾਫ਼ੇ ਦੇ ਲਾਲਚ ਨੇ ਉਸ ਨੂੰ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਧੱਕ ਦਿੱਤਾ।
ਇਸ ਸਬੰਧੀ ਏਐਸਆਈ ਮਨਜੀਤ ਸਿੰਘ ਦੀ ਸ਼ਿਕਾਇਤ ‘ਤੇ ANTF ਪੁਲਿਸ ਸਟੇਸ਼ਨ ਮੋਹਾਲੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਸ ਨਸ਼ਾ ਨੈੱਟਵਰਕ ਨਾਲ ਜੁੜੇ ਹੋਰ ਵੱਡੇ ਮਗਰਮੱਛਾਂ ਦੀ ਪਛਾਣ ਕੀਤੀ ਜਾ ਸਕੇ।
Read More : ਰੰਗਲੇ ਪੰਜਾਬ ਲਈ ਵੱਡਾ ਕਦਮ: ਹੁਣ ਸੂਰਜੀ ਰੌਸ਼ਨੀ ਨਾਲ ਜਗਮਗਾਉਣਗੇ ਸੂਬੇ ਦੇ ਪਿੰਡ
