ਗੋਲ ਹੱਟੀ ਚੌਕ ਅਤੇ ਸੁੱਖ ਪ੍ਰਾਪਰਟੀ ਡੀਲਰ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ 5 ਗ੍ਰਿਫਤਾਰ
ਬਟਾਲਾ, 9 ਜੂਨ :- ਬੀਤੇ ਦਿਨੀਂ ਕਸਬਾ ਘੁਮਾਣ ਵਿਖੇ ਗੋਲ ਹੱਟੀ ਚੌਕ ਅਤੇ ਸੁੱਖ ਪ੍ਰਾਪਰਟੀ ਡੀਲਰ ਦੀ ਦੁਕਾਨ ਘੁਮਾਣ ’ਤੇ ਗੋਲੀ ਚਲਾਉਣ ਵਾਲੇ ਗਿਰੋਹ ਦਾ ਬਟਾਲਾ ਪੁਲਸ ਨੇ ਪਰਦਾਫਾਸ਼ ਕਰਦਿਆਂ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਡੀ. ਐੱਸ. ਪੀ. ਇਨਵੈਸਟੀਗੇਸ਼ਨ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਅਤੇ ਐੱਸ. ਪੀ. ਇਨਵੈਸਟੀਗੇਸ਼ਨ ਗੁਰਪ੍ਰਤਾਪ ਸਿੰਘ ਸਹੋਤਾ ਦੇ ਨਿਰਦੇਸ਼ਾਂ ਤਹਿਤ ਬਟਾਲਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਿਤੀ 1 ਮਈ ਨੂੰ ਰਾਤ ਕਰੀਬ 8 ਵਜੇ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ ਹੱਟੀ ਦੁਕਾਨ ਚੌਕ ਘੁਮਾਣ ਦੇ ਮਾਲਕ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ, ਜਿਸ ਸਬੰਧੀ ਪੁਲਸ ਨੇ ਥਾਣਾ ਘੁਮਾਣ ’ਚ ਕੇਸ ਵੀ ਦਰਜ ਕਰ ਕੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਇਸ ਮੁਕੱਦਮੇ ’ਚ ਸ਼ਾਮਲ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਕ, ਜਰਮਨਜੀਤ ਸਿੰਘ ਉਰਫ ਨਾਗ ਪੁੱਤਰ ਸੁਖਦੇਵ ਸਿੰਘ ਵਾਸੀ ਉਦੋਕੇ ਕਲਾਂ, ਜੁਗਰਾਜ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਲੰਘਿਆਵਾਲੀ, ਰੋਬਿਨਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਭੋਮਾ ਘੁਮਾਣ, ਅਮਨਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਦੇਬੀ ਵਾਲਾ ਬਾਜ਼ਾਰ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਅਕਾਸ਼ਦੀਪ ਸਿੰਘ ਅਤੇ ਜਰਮਨਜੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ 21 ਮਈ ਨੂੰ ਸੁੱਖ ਪ੍ਰਾਪਰਟੀ ਡੀਲਰ ਦੇ ਮਾਲਕ ਨੂੰ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਦੇ ਦਫਤਰ ’ਤੇ ਗੋਲੀਆਂ ਚਲਾਈਆਂ ਸਨ ਅਤੇ ਇਹ ਸਭ ਕੁਝ ਉਨ੍ਹਾਂ ਬਲਵਿੰਦਰ ਸਿੰਘ ਉਰਫ ਡੋਨੀ ਬੱਲ ਅਤੇ ਅਮਰਜੀਤ ਸਿੰਘ ਖੱਬੇ ਰਾਜਪੂਤਾ ਦੇ ਕਹਿਣ ’ਤੇ ਕੀਤਾ ਸੀ।
ਡੀ. ਐੱਸ. ਪੀ. ਢਿੱਲੋਂ ਨੇ ਕਿਹਾ ਕਿ ਇਸੇ ਤਰ੍ਹਾਂ ਉਕਤ ਵਿਅਕਤੀਆਂ ਨੇ ਥਾਣਾ ਖਿਲਚੀਆਂ ਅਤੇ ਥਾਣਾ ਮਹਿਤਾ ਅਧੀਨ ਆਉਂਦੇ ਖੇਤਰਾਂ ’ਚ ਗੋਲੀ ਚਲਾਉਣ ਦੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੱਤਾ ਹੈ। ਫਿਲਹਾਲ ਪੁਲਸ ਵੱਲੋਂ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਸੀ. ਆਈ. ਏ. ਇੰਚਾਰਜ ਇੰਸ. ਸੁਖਰਾਜ ਸਿੰਘ ਵੀ ਹਾਜ਼ਰ ਸਨ।
Read More : ਹਵੇਲੀ ਵਿਚ ਲੱਗੀ ਅੱਗ,ਗਾਂ ਅਤੇ ਨਵਜੰਮੀ ਵੱਛੀ ਦੀ ਮੌਤ