ਖਾਤਾਧਾਰਕਾਂ ’ਚ ਘਬਰਾਹਟ
ਫਰੀਦਕੋਟ, 21 ਜੁਲਾਈ – ਜ਼ਿਲਾ ਫਰੀਦਕੋਟ ਦੇ ਕਸਬਾ ਸਾਦਿਕ ਦੀ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿਚੋਂ ਖਾਤਾਧਾਰਕਾਂ ਦੇ ਲੱਖਾਂ ਰੁਪਏ ਦਾ ਗਬਨ ਹੋ ਜਾਣ ਦੀ ਸ਼ੱਕ ਤੋਂ ਬਾਅਦ ਬਾਅਦ ਦੁਪਿਹਰ ਖਾਤਾਧਾਰਕ ਬੈਂਕ ਵਿਚ ਪੁੱਜਣੇ ਸ਼ੁਰੂ ਹੋ ਗਏ।
ਮਾਮਲੇ ਦਾ ਪਤਾ ਲੱਗਦੇ ਹੀ ਉੱਚ ਅਧਿਕਾਰੀ ਵੀ ਬੈਂਕ ਪੁੱਜ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਦਿਕ ਬੈਂਕ ਦੇ ਕਰਮਚਾਰੀਆਂ ਨੇ ਇੱਕ ਈ-ਮੇਲ ਐੱਸ. ਐੱਸ. ਪੀ ਫਰੀਦਕੋਟ ਨੂੰ ਕੀਤੀ ਤੇ ਲਿਖਤੀ ਤੌਰ ’ਤੇ ਇੱਕ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ।
ਮੌਕੇ ’ਤੇ ਹਾਜ਼ਰ ਗੁਰਪ੍ਰੀਤ ਸਿੰਘ ਬਰਾੜ ਮਾਨੀ ਸਿੰਘ ਵਾਲਾ ਨੇ ਦੱਸਿਆ ਕਿ ਜਦ ਉਨਾਂ ਦੇ ਰਿਸ਼ਤੇਦਾਰ ਜਰਨੈਲ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਦੀਪਸਿੰਘਵਾਲਾ ਦੀ 18 ਲੱਖ ਰੁਪਏ ਦੀ ਲਿਮਟ ਸੀ ਤੇ ਸਾਨੂੰ ਲੋੜ ਨਾ ਹੋਣ ਕਾਰਨ ਕਈ ਸਾਲ ਪਹਿਲਾਂ ਡਰਾਇੰਗ ਪਾਵਰ ਘਟਾ ਕੇ ਤਿੰਨ ਲੱਖ ਰੁਪਏ ਕਰਵਾ ਲਈ। ਹੁਣ ਜਦ ਉਹ ਬੈਂਕ ਆਏ ਤਾਂ ਪਤਾ ਲੱਗਾ ਕੇ ਉਨ੍ਹਾਂ ਦੀ ਕਾਫੀ ਸਮਾਂ ਪਹਿਲਾਂ 16 ਲੱਖ 50 ਹਜ਼ਾਰ ਰੁਪਏ ਦੀ ਲਿਮਟ ਚੁੱਕੀ ਗਈ ਹੈ ਤੇ ਇੱਕ ਲੱਖ ਰੁਪਏ ਵਿਆਜ ਵੀ ਪੈ ਚੁੱਕਾ ਹੈ।
ਜਸਵਿੰਦਰ ਸਿੰਘ ਪਿੰਡ ਕਾਉਣੀ ਨੇ ਦੱਸਿਆ ਕਿ ਉਨਾਂ ਦੀ ਮਾਤਾ ਦੇ ਨਾਮ ’ਤੇ 15 ਲੱਖ ਰੁਪਏ ਦੀ ਐਫ. ਡੀ. ਸੀ ਤੇ ਦੂਜੇ ਪਰਿਵਾਰਕ ਮੈਂਬਰ ਦੇ ਨਾਂ ’ਤੇ ਕਰੀਬ 45 ਲੱਖ ਰੁਪਏ ਕੁੱਲ ਕਰੀਬ 60 ਲੱਖ ਰੁਪਏ ਵੱਖ-ਵੱਖ ਖਾਤਿਆਂ ਵਿੱਚ ਜਮਾਂ ਸਨ ਜੋ ਕਿ ਇਸ ਸਮੇਂ ਖਾਤਿਆਂ ਵਿੱਚ ਨਹੀਂ ਹੈ।ਜਗੇਦਵ ਸਿੰਘ ਢਿੱਲੋਂ ਪੁੱਤਰ ਅਮਰੀਕ ਸਿੰਘ ਵਾਸੀ ਢਿੱਲਵਾਂ ਖੁਰਦ ਨੇ ਦੱਸਿਆ ਕਿ 18 ਜੂਨ 2025 ਨੂੰ ਮੇਰੇ ਬੇਟੇ ਜਗਦੇਵ ਸਿੰਘ ਨੇ ਮੇਰੇ ਖਾਤਾ ਨੰ. 35394033221 ਵਿੱਚ 4 ਲੱਖ 85 ਹਜ਼ਾਰ ਰੁਪਏ ਅਤੇ ਜਗਦੇਵ ਸਿੰਘ ਦੇ ਆਪਣੇ ਖਾਤਾ ਨੰ. 34500826480 ਵਿੱਚ 3 ਲੱਖ ਰੁਪਏ ਜਮਾਂ ਕਰਵਾਏ ਜਿਸ ਦੀਆਂ ਰਸੀਦਾਂ ਸਾਨੂੰ ਦਿੱਤੀਆਂ ਗਈਆਂ ਸਨ। ਇਸ ਰਕਮ ਵਿੱਚੋਂ 3 ਲੱਖ ਰੁਪਏ ਜਗਦੇਵ ਸਿੰਘ ਦੇ ਖਾਤੇ ਵਿੱਚ ਜਮਾਂ ਹੋ ਗਏ ਜਦੋਂ ਕਿ 4 ਲੱਖ 85 ਹਜ਼ਾਰ ਰੁਪਏ ਮੇਰੇ ਖਾਤੇ ਵਿੱਚ ਜਮਾਂ ਨਹੀਂ ਹੋਏ।
ਇਸੇ ਤਰਾਂ ਖੇਤਾ ਸਿੰਘ ਸੰਧੂ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵੀਰੇਵਾਲਾ ਕਲਾਂ ਨੇ ਦੱਸਿਆ ਕਿ ਉਸ ਦੀ ਲਿਮਟ ਵਿੱਚੋਂ ਉਸ ਨੇ ਸਿਰਫ ਡੇਢ ਲੱਖ ਰੁਪਇਆ ਲਿਆ ਜਦੋਂ ਕਿ ਖਾਤੇ ਵਿੱਚੋਂ 8 ਲੱਖ 30 ਹਜ਼ਾਰ ਰੁਪਏ ਨਿਕਲੇ ਹਨ। ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਾਉਣੀ ਨੇ ਦੱਸਿਆ ਕਿ ਉਸ ਦੀ ਲਿਮਟ ਵਿੱਚ ਕਰੀਬ 4 ਲੱਖ 70 ਹਜ਼ਾਰ ਰੁਪਏ ਕੱਢੇ ਗਏ ਹਨ ਜਦੋਂ ਕਿ ਬੱਚਤ ਖਾਤਾ ਤੇ ਐਫ.ਡੀ.ਆਰ ਹਾਲੇ ਚੈੱਕ ਕਰਨੇ ਹਨ।
ਹੁਣ ਤੱਕ ਜੋ ਲੋਕ ਸਾਹਮਣੇ ਆਏ ਉਨਾਂ ਅਨੁਸਾਰ ਇਹ ਗਬਨ ਦੀ ਰਕਮ ਇੱਕ ਕਰੋੜ ਤੱਕ ਪੁੱਜਣ ਵਾਲੀ ਹੈ ਤੇ ਜਦੋਂ ਕੱਲ੍ਹ ਬੈਂਕ ਖੁੱਲੇਗਾ ਤਾਂ ਹੋਰ ਪਰਤਾਂ ਖੁੱਲ੍ਹਣਗੀਆਂ ਕਿਉਂਕਿ ਕੱਲ੍ਹ ਬੈਂਕ ਖੁੱਲ੍ਹਦਿਆਂ ਹੀ ਲੋਕਾਂ ਨੇ ਆਪਣੇ ਲਾਕਰ, ਐਫ. ਡੀ.ਆਰ, ਬੱਚਤ ਖਾਤੇ ਤੇ ਲਿਮਟ ਵਾਲੇ ਖਾਤੇ ਚੈੱਕ ਕਰਨੇ ਹਨ।
ਅਰੁਜ਼ ਕੁਮਾਰ ਚੀਫ ਮੈਨੇਜਰ ਫਿਰੋਜ਼ਪੁਰ ਨੇ ਖਾਤਾ ਧਾਰਕਾਂ ਨੁੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਰਕਮ ਸੁਰੱਖਿਅਤ ਹੈ ਤੇ ਜਿਨ੍ਹਾਂ ਦੀਆਂ ਲਿਮਟਾਂ ਚੁੱਕੀਆਂ ਗਈਆਂ ਹਨ ਉਨ੍ਹਾਂ ਦੀ ਵੀ ਜਾਂਚ ਜਾਰੀ ਹੈ। ਜਿਸ ਦੇ ਖਾਤੇ ਵਿੱਚ ਕੋਈ ਗੜਬੜ ਹੈ ਉਹ ਲਿਖਤੀ ਸ਼ਿਕਾਇਤ ਬੈਂਕ ਨੂੰ ਤੁਰੰਤ ਕਰੇ।
ਉਨ੍ਹਾਂ ਇਹ ਵੀ ਦੱਸਿਆ ਕਿ ਸ਼ੁਸ਼ਾਂਤ ਅਰੋੜਾ ਨੇ ਇਸ ਮਾਮਲੇ ਵਿੱਚ ਅਮਿਤ ਧੀਂਗੜਾ ਖਿਲਾਫ ਐੱਸ. ਐੱਸ. ਪੀ ਫਰੀਦਕੋਟ ਤੇ ਥਾਣਾ ਸਾਦਿਕ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਅਮਿਤ ਧੀਂਗੜਾ ਪੁੱਤਰ ਰਮੇਸ਼ ਧੀਂਗੜਾ ਖਿਲਾਫ ਲਿਖਿਆ ਕਿ ਉਹ ਐਸ.ਬੀ.ਆਈ ਸਾਦਿਕ ਵਿਖੇ ਕਲਰਕ ਸੀ ਤੇ ਉਸ ਦੀ ਆਈ.ਡੀ ਰਾਹੀਂ ਕੁਝ ਸ਼ੱਕੀ ਲੈਣ ਦੇਣ ਜਾਂਚ ਅਧੀਨ ਹਨ। ਉਸ ਦਾ ਲੁੱਕ ਆਊਟ ਜਾਰੀ ਕਰ ਕੇ ਜਦ ਤਕ ਉਕਤ ਮਾਮਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਉਸ ਨੂੰ ਜ਼ਹਾਜ ਚੜ੍ਹਨ ਤੋਂ ਰੋਕਿਆ ਜਾਵੇ।
Read More : ਦਿੱਲੀ ਦੇ ਹਾਰੇ ਹੋਏ ਆਗੂ ਪੰਜਾਬ ਦਾ ਸਰਮਾਇਆ ਲੁੱਟ ਰਹੇ : ਸੁਖਬੀਰ ਬਾਦਲ