ਪੰਥਕ ਸਮਾਗਮਾਂ ਵਿਚ ਸਭ ਨੂੰ ਖੁੱਲਾ ਸੱਦਾ, ਸਰਕਾਰ ਵੀ ਸ਼ਾਮਲ ਹੋਵੇ ਪਰ ਸਿਆਸਤ ਨਾ ਕਰੇ
ਅੰਮ੍ਰਿਤਸਰ, 8 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਧਾਰਮਿਕ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਉਣੇ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਹੈ ਅਤੇ ਪੰਜਾਬ ਸਰਕਾਰ ਨੂੰ ਇਸ ’ਚ ਦਖਲਅੰਦਾਜ਼ੀ ਤੋਂ ਬਚਣਾ ਚਾਹੀਦਾ ਹੈ।
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਰਤਨ ਸਮਾਗਮ ਕਰਨ ਦੀ ਇਜਾਜ਼ਤ ਨਾ ਦੇਣ ਬਾਰੇ ਚੱਲ ਰਹੀਆਂ ਖਬਰਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਕਾਸ ਕਾਰਜਾਂ ਵੱਲ ਧਿਆਨ ਦੇਵੇ ਅਤੇ ਸੰਗਤ ਦੀ ਸਹੂਲਤ ਲਈ ਸਹਿਯੋਗ ਕਰੇ ਪਰ ਇਸ ਦੇ ਬਾਵਜੂਦ ਸਰਕਾਰ ਸਿੱਖ ਪੰਥ ਦੀਆਂ ਸੰਸਥਾਵਾਂ ਦੇ ਮੁਕਾਬਲੇ ’ਤੇ ਧਾਰਮਿਕ ਸਮਾਗਮ ਤੇ ਕੀਰਤਨ ਦਰਬਾਰ ਕਰਵਾਉਣ ਦੀ ਆਪਣੀ ਜਿੱਦ ਪੁਗਾ ਰਹੀ ਹੈ, ਜੋ ਪੰਥਕ ਭਾਵਨਾਵਾਂ ਦੇ ਵਿਰੁੱਧ ਹੈ।
ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ ਧਾਰਮਿਕ ਸਮਾਗਮ ਅਤੇ ਕੀਰਤਨ ਦਰਬਾਰ ਮਰਿਆਦਾ ਨਾਲ ਜੁੜਿਆ ਹੋਇਆ ਮਾਮਲਾ ਹੈ, ਜਿਸ ਵਿਚ ਕੋਈ ਵੀ ਅਵੱਗਿਆ ਬਾਅਦ ਵਿਵਾਦ ਬਣਦੀ ਹੈ। ਸਰਕਾਰ ਵੱਲੋਂ ਪਹਿਲਾਂ ਵੀ ਇਕ ਸਮਾਗਮ ਵਿਚ ਮਰਿਆਦਾ ਦੀ ਹੋਈ ਭਾਰੀ ਉਲੰਘਣਾ ਬਾਅਦ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਵਿਚਾਰਿਆ ਗਿਆ ਸੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਸਰਕਾਰ ਨੂੰ ਕਿਹਾ ਸੀ ਕਿ ਉਹ ਧਾਰਮਿਕ ਸਮਾਗਮਾਂ ਦੀ ਥਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵੱਲ ਧਿਆਨ ਦੇਵੇ ਅਤੇ ਸਮਾਗਮਾਂ ਦੀ ਜ਼ਿੰਮੇਵਾਰੀ ਸਿੱਖ ਸੰਸਥਾਵਾਂ ਨਿਭਾਉਣ।
ਉਨ੍ਹਾਂ ਿਕਹਾ ਕਿ ਹੁਣ ਸਰਕਾਰ ਜਾਣ ਬੁਝ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਧਾਰਮਿਕ ਸਮਾਗਮਾਂ ਵਿਚ ਦਖਲਅੰਦਾਜ਼ੀ ਕਰ ਰਹੀ ਹੈ, ਜਿਸ ਤੋਂ ਉਸ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਵੱਡੇ ਪੱਧਰ ’ਤੇ ਸ਼ਤਾਬਦੀ ਦੇ ਸਮਾਗਮ ਰੱਖੇ ਹੋਏ ਹਨ, ਜਿਨ੍ਹਾਂ ਵਿਚ ਹਰ ਇਕ ਨੂੰ ਸੱਦਾ ਹੈ ਅਤੇ ਸਰਕਾਰ ਵੀ ਇਨ੍ਹਾਂ ਸਮਾਗਮਾਂ ’ਚ ਸ਼ਾਮਲ ਹੋਵੇ ਪਰ ਸਿਆਸਤ ਨਾ ਕਰੇ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਨਿਜੀ ਸਕੱਤਰ ਸ਼ਾਹਬਾਜ ਸਿੰਘ, ਮੀਤ ਸਕੱਤਰ ਕੁਲਦੀਪ ਸਿੰਘ ਵੀ ਹਾਜ਼ਰ ਸਨ।
Read More : ਨੌਜਵਾਨ ਨੇ ਚਚੇਰੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ ; ਮਾਮਲਾ ਦਰਜ
