ਸੰਸਦ ਵਿੱਚ ਉਠਾਈ ਆਵਾਜ਼; ਕਿਹਾ-ਬੱਚੇ ਦੀ ਦੇਖਭਾਲ ਮਾਤਾ-ਪਿਤਾ ਦੀ ਸਾਂਝੀ ਜ਼ਿੰਮੇਵਾਰੀ, ਕਾਨੂੰਨ ਵਿੱਚ ਹੋਵੇ ਬਦਲਾਅ
ਨਵੀਂ ਦਿੱਲੀ, 31 ਮਾਰਚ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ‘ਪੈਟਰਨਿਟੀ ਲੀਵ’ (ਪਿਤਾ ਬਣਨ ‘ਤੇ ਛੁੱਟੀ) ਦਾ ਮੁੱਦਾ ਬੜੇ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਭਾਰਤ ਵਿੱਚ ਪਿਤਾ ਬਣਨ ਵਾਲੇ ਪੁਰਸ਼ਾਂ ਨੂੰ ਮਿਲਣ ਵਾਲੀ ਛੁੱਟੀ ਨੂੰ ਇੱਕ ਕਾਨੂੰਨੀ ਅਧਿਕਾਰ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।
ਰਾਘਵ ਚੱਢਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਐਕਸ’ (ਪਹਿਲਾਂ ਟਵਿੱਟਰ) ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੱਚੇ ਦੇ ਜਨਮ ਸਮੇਂ ਵਧਾਈਆਂ ਤਾਂ ਮਾਤਾ-ਪਿਤਾ ਦੋਵਾਂ ਨੂੰ ਮਿਲਦੀਆਂ ਹਨ, ਪਰ ਦੇਖਭਾਲ ਦੀ ਪੂਰੀ ਜ਼ਿੰਮੇਵਾਰੀ ਸਿਰਫ਼ ਮਾਂ ‘ਤੇ ਪਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਿਤਾ ਨੂੰ ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਅਤੇ ਆਪਣੀ ਨੌਕਰੀ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਨਹੀਂ ਹੋਣਾ ਚਾਹੀਦਾ।
ਚੱਢਾ ਨੇ ਤਰਕ ਦਿੱਤਾ ਕਿ ਜਣੇਪੇ ਤੋਂ ਤੁਰੰਤ ਬਾਅਦ ਇੱਕ ਔਰਤ ਨੂੰ ਸਰੀਰਕ ਅਤੇ ਮਾਨਸਿਕ ਸਹਿਯੋਗ ਲਈ ਆਪਣੇ ਪਤੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਤਨੀ ਅਤੇ ਬੱਚੇ ਪ੍ਰਤੀ ਪਤੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਓਨੀ ਹੀ ਅਹਿਮ ਹੈ ਜਿੰਨੀ ਮਾਂ ਦੀ। ਉਨ੍ਹਾਂ ਕਿਹਾ ਕਿ ਬੱਚੇ ਦਾ ਪਾਲਣ-ਪੋਸ਼ਣ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਦੇਸ਼ ਦੇ ਕਾਨੂੰਨਾਂ ਵਿੱਚ ਇਹ ਬਰਾਬਰੀ ਝਲਕਣੀ ਚਾਹੀਦੀ ਹੈ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਠੋਸ ਕਾਨੂੰਨ ਬਣਾ ਕੇ ਨਵੇਂ ਬਣੇ ਪਿਤਾਵਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਲੋੜੀਂਦਾ ਸਮਾਂ ਦੇ ਸਕਣ।
Read More : ਬਲਾਕ ਸੰਮਤੀ ਚੋਣਾਂ ਗੈਂਗਸਟਰਾਂ ਦੀਆਂ ਧਮਕੀਆਂ ਨਾਲ ਪ੍ਰਭਾਵਿਤ, ਲੋਕਤੰਤਰ ਦਾ ਹੋ ਰਿਹਾ ਘਾਣ : ਪ੍ਰਤਾਪ ਬਾਜਵਾ
